11 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ
ਮਾਨਸਾ ਦੇ ਸਥਾਨਕ ਸਬਜ਼ੀ ਮੰਡੀ ਵਿਖੇ
Publish Date: Mon, 08 Jun 2026 05:46 PM (IST)
Updated Date: Mon, 08 Jun 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਮਾਨਸਾ ਦੇ ਸਥਾਨਕ ਸਬਜ਼ੀ ਮੰਡੀ ਵਿਖੇ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕਾਂ ਵੱਲੋਂ ਆਗੂ ਮੈਡਮ ਲਿਤਿਕਾ ਅਗਵਾਈ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼ਾਮਿਲ ਆਗੂਆਂ ਬਲਕਾਰ ਸਿੰਘ ਮੰਘਾਣੀਆਂ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੀ 6 ਮਈ ਨੂੰ ਹਰ ਤਰ੍ਹਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਸਿੱਖਿਆ ਵਿਭਾਗ ਵਿਚ ਪਿਛਲੇ ਤਿੰਨ ਸਾਲਾਂ ਤੋਂ ਇਮਾਨਦਾਰੀ ਨਾਲ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ ਵਿਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਅਤੇ ਸਪਸ਼ਟੀਕਰਨ ਦੇਣ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਸੰਬੰਧੀ 8 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਗੇਟ ਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ 15 ਮਈ ਦੀ ਸਿੱਖਿਆ ਸਕੱਤਰ ਮੈਡਮ ਨਾਲ ਮੀਟਿੰਗ ਦਿੱਤੀ ਗਈ ਪਰ ਹੁਣ ਲਗਾਤਾਰ ਮੀਟਿੰਗ ਅੱਗੇ ਪਾਈ ਜਾ ਰਹੀ ਹੈ। ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਦੱਸਣਯੋਗ ਹੈ ਕਿ ਇਸ ਸੰਬੰਧੀ ਪੀੜ੍ਹਤ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਪਰ ਮੰਤਰੀ ਸਾਹਿਬ ਵੱਲੋਂ ਵੀ ਮੀਟਿੰਗਾਂ ਦਾ ਸਮਾਂ ਵਾਰ - ਵਾਰ ਅੱਗੇ ਪਾਇਆ ਜਾ ਰਿਹਾ ਹੈ।ਪਰ ਮੰਤਰੀ ਵੱਲੋਂ ਵੀ ਮੀਟਿੰਗਾਂ ਦਾ ਸਮਾਂ ਵਾਰ - ਵਾਰ ਅੱਗੇ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਸੀਂ 3 ਸਾਲਾਂ ਤੋਂ ਰੈਗੂਲਰ ਸੇਵਾਵਾਂ ਨਿਭਾਅ ਰਹੇ ਹਾਂ, ਐਨ ਪਰਖਕਾਲ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਸਾਨੂੰ ਇਹ ਟਰਮੀਨੇਸ਼ਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਪੰਜਾਬ ਸਰਕਾਰ/ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਨਿਯਮਾਂ ਰਾਹੀਂ ਹੀ ਸਹੀ ਤਰੀਕੇ ਨਾਲ 3 ਸਾਲ ਪਹਿਲਾਂ ਭਰਤੀ ਹੋਏ ਹਾਂ। ਅਚਾਨਕ ਤਿੰਨ ਸਾਲ ਬਾਅਦ ਸਾਡੇ ਖ਼ਿਲਾਫ਼ ਅਜਿਹਾ ਕਦਮ ਕਿਉਂ ? ਜਿਸ ਕਰਕੇ ਹੁਣ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕਾਂ ਵੱਲੋਂ 11 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਇਸ ਸੰਬੰਧੀ ਪੰਜਾਬ ਵਿੱਚ ਮੀਟਿੰਗਾਂ ਹੋ ਰਹੀਆਂ ਹਨ। ਅਸੀਂ ਆਪਣੇ ਹੱਕਾਂ ਲਈ ਹਰ ਕੋਸ਼ਿਸ਼ ਕਰਾਂਗੇ। ਇਹ ਸਾਡੇ 253 ਅਧਿਆਪਕਾਂ ਦਾ ਨਹੀਂ, ਸਗੋਂ 253 ਪਰਿਵਾਰਾਂ ਅਤੇ ਉਨ੍ਹਾਂ ਨਾਲ ਜੁੜੇ ਰਿਸ਼ਤੇ ਨਾਤੇ ਦਾ ਸੁਰੱਖਿਆ ਦਾ ਸਵਾਲ ਹੈ। ਇਸ ਮੌਕੇ ਮਾਲਵਿੰਦਰ ਕੌਰ, ਅਮਨ, ਸਿਮਰਨਜੀਤ ਕੌਰ, ਕਿੰਮੀ ਰਾਣੀ, ਸ਼ਾਨੂੰ ਬਿੰਦਲ, ਅੰਕਿਤਾ, ਡੌਰਫੀ ਗੁਪਤਾ, ਹਰਵਿੰਦਰ ਕੌਰ ਸ਼ਾਮਿਲ ਸਨ।