ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮੈਗਾ ਮਾਈਂਡ ਇੰਸਟੀਚਿਊਟ ਦਾ ਲਾਇਸੈਂਸ ਰੱਦ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ
Publish Date: Thu, 26 Feb 2026 07:53 PM (IST)
Updated Date: Thu, 26 Feb 2026 07:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ ਪੰਜਾਬ ਟਰੈਵਲ ਪ੍ਰੋਫ਼ੈਸ਼ਨਲਜ਼ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(ਆਈ) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈਗਾ ਮਾਈਂਡ ਇੰਸਟੀਚਿਊਟ ਨਵੀਂ ਕਚਹਿਰੀ ਰੋਡ ਮਾਨਸਾ ਜ਼ਿਲ੍ਹਾ ਮਾਨਸਾ ਦਾ ਲਾਇਸੈਂਸ ਨੰਬਰ 31/ਐੱਲਪੀਏ ਮਿਤੀ 09.06.2020 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਗੁਰਨੇ ਕਲਾਂ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਨੂੰ ਮੈਗਾ ਮਾਈਂਡ ਇੰਸਟੀਚਿਊਟ ਨਵੀਂ ਕਚਹਿਰੀ ਰੋਡ ਮਾਨਸਾ ਜ਼ਿਲ੍ਹਾ ਮਾਨਸਾ ਦੇ ਨਾਂ ’ਤੇ ਆਇਲਟਸ ਕੋਚਿੰਗ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 08.06.2025 ਤਕ ਸੀ। ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5 ਦੇ ਨਿਯਮ 2 ਵਿਚ ਦਰਸਾਇਆ ਗਿਆ ਹੈ ਕਿ ਲਾਇਸੈਂਸ ਨੂੰ ਨਵੀਨ ਕਰਵਾਉਣ ਲਈ ਬਿਨੈ ਪੱਤਰ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਫ਼ਾਰਮ-3 ਸਮੇਤ ਸਬੰਧਿਤ ਦਸਤਾਵੇਜ਼ ਪੇਸ਼ ਕੀਤੇ ਜਾਣੇ ਹੁੰਦੇ ਹਨ। ਪਰ ਐਕਟ/ਰੂਲਜ਼ ਅਨੁਸਾਰ ਨਿਰਧਾਰਤ ਸਮਾਂ ਖ਼ਤਮ ਹੋਣ ਦੇ ਬਾਵਜੂਦ ਲਾਇਸੈਂਸੀ ਵੱਲੋਂ ਲਾਇਸੈਂਸ ਨਵੀਨ ਕਰਵਾਉਣ ਲਈ ਦਰਖਾਸਤ ਇਸ ਦਫ਼ਤਰ ਵਿਚ ਪੇਸ਼ ਨਹੀਂ ਕੀਤੀ ਗਈ ਹੈ। ਇਸ ਸਬੰਧੀ ਲਾਇਸੈਂਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੀ ਤਾਮੀਲੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਪਰ ਲਾਇਸੈਂਸੀ ਵੱਲੋਂ ਕੋਈ ਜਵਾਬ/ਸੂਚਨਾ ਇਸ ਦਫ਼ਤਰ ਨੂੰ ਨਹੀਂ ਭੇਜੀ ਗਈ। ਇਸ ਤਰ੍ਹਾਂ ਇਸ ਕੇਸ ਵਿਚ ਲਾਇਸੈਂਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਲਾਇਸੈਂਸ ਨਵੀਨ ਨਾ ਕਰਵਾ ਕੇ ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਦੇ ਸੈਕਸ਼ਨ 6(1) ਦੇ ਉਪਬੰਦਾਂ ਦੀ ਉਲੰਘਣਾ ਕੀਤੀ ਗਈ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਲਈ ਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਖੁਦ ਜ਼ਿੰਮੇਵਾਰ ਹੋਣਗੇ।