ਭਾਕਿਯੂ ਏਕਤਾ ਡਕੌਂਦਾ ਨੇ 12 ਦੇ ਸੰਘਰਸ਼ ਲਈ ਲੋਕ ਕੀਤੇ ਲਾਮਬੰਦ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Wed, 04 Feb 2026 07:28 PM (IST)
Updated Date: Thu, 05 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਗੁਰੂ ਘਰ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹੋਈ। ਸਾਰੀਆਂ ਬਲਾਕ ਕਮੇਟੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਪ੍ਰੋਗਰਾਮਾਂ ਦੀ ਰਿਪੋਰਟ ਕਰਨ ਤੋਂ ਇਲਾਵਾ ਟਰੇਡ ਯੂਨੀਅਨ ਦੀ 12 ਫ਼ਰਵਰੀ ਦੀ ਦੇਸ਼ ਪੱਧਰੀ ਹੜਤਾਲ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਦੂਸਰੇ ਏਜੰਡੇ ਦੇ ਤੌਰ ਤੇ ਜਥੇਬੰਦੀ ਵੱਲੋਂ ਚੱਲ ਰਹੇ ਪਿੰਡ ਕੁਲਰੀਆਂ ਦੇ ਜ਼ਮੀਨੀ ਘੋਲ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਚੁੱਪੀ ਲੋਕਾਂ ਅੱਗੇ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਮੰਗ ਪੱਤਰ ਨੂੰ ਤੁਰੰਤ ਨਾ ਵਿਚਾਰਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਵੱਲੋਂ ਬੀਤੇ ਮਹੀਨਿਆਂ ’ਚ ਲਿਆਂਦੇ ਬਿਜਲੀ ਸੋਧ ਬਿੱਲ-2025, ਬੀਜ ਬਿੱਲ-2025 ਅਤੇ ਚਾਰ ਕਿਰਤ ਕਾਨੂੰਨਾਂ ਵਾਲੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫ਼ੈਸਲੇ ਦੀ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਲੋਕ ਸਭਾ ਇਜਲਾਸ ਵਿੱਚ ਇੰਨ੍ਹਾਂ ਬਿਲਾਂ ਨੂੰ ਪੇਸ਼ ਕੀਤਾ ਗਿਆ ਤਾਂ ਅਗਲੇ ਹੀ ਦਿਨ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਤਿੰਨ ਘੰਟਿਆਂ ਦੇ ਰੇਲ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਪੂਰੀ ਦ੍ਰਿੜਤਾ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਪਿੰਡ ਰੱਲਾ ਦੇ ਵਿਅਕਤੀਆਂ ਉੱਤੇ ਕੀਤੇ ਇਰਾਦਾ ਕਤਲ ਦੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ‘ਤੇ ਬਲਾਕ ਕਮੇਟੀਆਂ ਦੀ ਪ੍ਰਸ਼ੰਸਾ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਜਥੇਬੰਦੀ ਹਰ ਜ਼ਬਰ ਦਾ ਹਿੱਕ ਡਾਹ ਕੇ ਵਿਰੋਧ ਕਰਦੀ ਰਹੇਗੀ। ਇਸ ਮੌਕੇ ਜ਼ਿਲ੍ਹਾ ਸਕੱਤਰ ਤਾਰਾ ਚੰਦ ਬਰੇਟਾ ਜ਼ਿਲ੍ਹਾ ਖਜਾਨਚੀ ਦੇਵੀ ਰਾਮ ਰੰਗੜਿਆਲ, ਸਤਪਾਲ ਸਿੰਘ ਵਰ੍ਹੇ, ਦਰਸ਼ਨ ਸਿੰਘ ਗੁਰਨੇ, ਹਰਬੰਸ ਸਿੰਘ ਟਾਂਡੀਆਂ, ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾ ਤੋਂ ਇਲਾਵਾ ਬਲਾਕ ਕਮੇਟੀਆਂ ਦੇ ਬਲਜੀਤ ਸਿੰਘ ਭੈਣੀ ਬਾਘਾ, ਕਾਲਾ ਸਿੰਘ ਅਕਲੀਆ, ਬਲਦੇਵ ਸਿੰਘ ਪਿੱਪਲੀਆਂ, ਬਾਵਾ ਸਿੰਘ ਖੀਵਾ, ਚੇਤ ਸਿੰਘ ਚਕੇਰੀਆਂ, ਜਗਜੀਵਨ ਸਿੰਘ ਹਸਨਪੁਰ, ਮੇਲਾ ਸਿੰਘ ਦਿਆਲਪੁਰਾ, ਕਾਕਾ ਸਿੰਘ ਮਾਖਾ, ਬਲਜਿੰਦਰ ਸਿੰਘ ਮੋਫ਼ਰ ਅਤੇ ਬਹਾਲ ਸਿੰਘ ਮੋਫ਼ਰ, ਸੰਦੀਪ ਸਿੰਘ ਕੋਟਲੀ ਆਦਿ ਵੀ ਮੌਜੂਦ ਰਹੇ।