300 ਤੋਂ ਵੱਧ ਬਜ਼ੁਰਗਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ
ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ
Publish Date: Tue, 03 Feb 2026 06:34 PM (IST)
Updated Date: Wed, 04 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 'ਸੀਨੀਅਰ ਸਿਟੀਜ਼ਨ ਸਟੇਟ ਐਕਸ਼ਨ ਪਲਾਨ' ਤਹਿਤ ਬਾਲ ਭਵਨ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਪ੍ਰੋਗਰਾਮ ਦੇ ਅਧੀਨ ਇੱਕ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸਿਹਤ ਜਾਂਚ ਕੈਂਪ ਲਗਾਇਆ। ਸਮਾਗਮ ਵਿੱਚ ਐਸਡੀਐਮ ਕਾਲਾ ਰਾਮ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੈਂਪ ਦੀ ਸਮੁੱਚੀ ਨਿਗਰਾਨੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਵੜਿੰਗ ਵੱਲੋਂ ਕੀਤੀ ਗਈ। ਕੈਂਪ ਦੌਰਾਨ 300 ਤੋਂ ਵਧੇਰੇ ਲੋੜਵੰਦ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਮੌਕੇ ਆਯੂਰਵੈਦਿਕ, ਹੋਮਿਉਪੈਥਿਕ ਅਤੇ ਐਲੋਪੈਥੀ ਦੇ ਮਾਹਿਰ ਡਾਕਟਰਾਂ ਨੇ ਬਜ਼ੁਰਗਾਂ ਦਾ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਮਾਹਿਰਾਂ ਨੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਅਤੇ ਸਿਹਤ ਸਬੰਧੀ ਸਾਵਧਾਨੀਆਂ ਬਾਰੇ ਦੱਸਿਆ। ਸਿਹਤ ਜਾਂਚ ਦੇ ਨਾਲ-ਨਾਲ ਬਜ਼ੁਰਗਾਂ ਨੂੰ ਸਮਾਜਿਕ ਅਤੇ ਵਿੱਤੀ ਤੌਰ 'ਤੇ ਸੁਰੱਖਿਅਤ ਬਣਾਉਣ ਲਈ ਵਿਸ਼ੇਸ਼ ਸੈਸ਼ਨ ਕੀਤੇ ਗਏ, ਜਿਸ ਤਹਿਤ ਅੱਜ ਕੱਲ੍ਹ ਹੋ ਰਹੇ ਸਾਈਬਰ ਕ੍ਰਾਈਮ (ਆਨਲਾਈਨ ਠੱਗੀ) ਤੋਂ ਬਚਣ ਦੇ ਤਰੀਕੇ ਦੱਸੇ ਗਏ। ਬੈਂਕਾਂ ਦੀਆਂ ਵੱਖ-ਵੱਖ ਲਾਭਕਾਰੀ ਸਕੀਮਾਂ ਅਤੇ ਬੁਢਾਪਾ ਪੈਨਸ਼ਨ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। 'ਸੀਨੀਅਰ ਸਿਟੀਜ਼ਨ ਕਾਰਡ' ਬਣਵਾਉਣ ਦੀ ਪ੍ਰਕਿਰਿਆ ਅਤੇ ਇਸ ਦੇ ਫ਼ਾਇਦਿਆਂ ਬਾਰੇ ਜਾਗਰੂਕ ਕੀਤਾ। ਉਪ ਮੰਡਲ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਸੀਨੀਅਰ ਸਿਟੀਜ਼ਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਵੜਿੰਗ ਨੇ ਦੱਸਿਆ ਕਿ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਹਰ ਸੀਨੀਅਰ ਸਿਟੀਜ਼ਨਾਂ ਤੱਕ ਸਰਕਾਰੀ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਬ ਡਵੀਜ਼ਨ ਪੱਧਰ 'ਤੇ ਵੀ ਅਜਿਹੇ ਹੋਰ ਚਾਰ ਕੈਂਪ ਅਤੇ ਜਾਗਰੂਕਤਾ ਸੈਮੀਨਾਰ ਲਗਾਏ ਜਾਣਗੇ।