ਸੰਸਥਾ ਅਹਿਮਦਪੁਰ ’ਚ ਖੋਜ ਸਬੰਧੀ ਕਰਵਾਈ ਵਰਕਸ਼ਾਪ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ
Publish Date: Fri, 13 Mar 2026 07:01 PM (IST)
Updated Date: Sat, 14 Mar 2026 04:10 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਕਿਰਿਆਤਮਕ ਖੋਜ ਸਬੰਧੀ ਵਰਕਸ਼ਾਪ ਕਰਵਾਈ। ਇਸ ਵਿੱਚ ਜ਼ਿਲ੍ਹੇ ਦੇ ਵੱਖ - ਵੱਖ ਸਕੂਲਾਂ ਦੇ ਕਿਰਿਆਤਮਕ ਖੋਜ ਕਰਨ ਵਾਲੇ ਅਧਿਆਪਕਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਜ਼ਿਲ੍ਹਾ ਰਿਸਰਚ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਮੁੱਖੀ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਖੋਜ ਕਰਨਾ ਇਸ ਸੰਸਥਾ ਦੇ ਮੁੱਢਲੇ ਕਾਰਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਿਰਿਆਤਮਕ ਖੋਜ ਰਾਹੀਂ ਸਕੂਲਾਂ ਵਿੱਚ ਆਉਣ ਵਾਲੀਆਂ ਵਿਵਹਾਰਕ ਸਮੱਸਿਆਵਾਂ, ਖ਼ਾਸ ਕਰਕੇ ਵੱਖ-ਵੱਖ ਵਿਸ਼ਿਆ ਦੇ ਸਿੱਖਣ-ਸਿਖਾਉਣ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲੱਭੇ ਜਾਂਦੇ ਹਨ। ਇਸ ਨਾਲ ਸਾਡੇ ਵਿਦਿਆਰਥੀਆਂ ਨੂੰ ਸਿੱਖਣ ਵਿੱਚ ਬਹੁਤ ਲਾਭ ਹੁੰਦਾ ਹੈ। ਇਸ ਦੇ ਨਾਲ ਹੀ ਅਧਆਪਕਾਂ ਵਿੱਚ ਵੀ ਖੋਜੀ ਬਿਰਤੀ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਉਪਰੋਕਤ ਖੋਜ ਕਾਰਜ ਕਰਨ ਵਾਲੇ ਅਧਿਆਪਕਾਂ ਨੇ ਵੀ ਖੋਜ-ਕਾਰਜ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ। ਵਰਕਸ਼ਾਪ ਵਿੱਚ ਹਾਜ਼ਰ ਅਧਿਆਪਕਾਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ। ਅੰਤ ‘ਤੇ ਵੱਖ-ਵੱਖ ਵਿਸ਼ਿਆਂ ‘ਤੇ ਕਿਰਿਆਤਮਕ ਖੋਜ ਕਰਨ ਵਾਲੇ ਅਧਿਆਪਕਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਡਾ. ਅੰਗਰੇਜ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਟਾਫ਼ 'ਚੋਂ ਲੈਕਚਰਾਰ ਸਰੋਜ ਰਾਣੀ, ਬਲਵਿੰਦਰ ਸਿੰਘ ਬਾਘਾ,ਪਰਸ਼ੋਤਮ ਸਿੰਘ, ਲੈਕਚਰਾਰ ਨਵਦੀਪ ਕੌਰ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਜਸਪਾਲ ਕੌਰ, ਹਰਵਿੰਦਰ ਕੌਰ ਅਤੇ ਮਗਿੰਦਰਜੀਤ ਸਿੰਘ ਹਾਜ਼ਰ ਸਨ।