ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਬਿਰਧ ਘਰ ਦਾ ਦੌਰਾ
ਬਿਰਧ ਘਰ ਪਿੰਡ ਫੱਤਾ ਮਾਲੋਕਾ ਦਾ ਚੇਅਰਮੈਨ
Publish Date: Thu, 26 Feb 2026 06:31 PM (IST)
Updated Date: Thu, 26 Feb 2026 06:34 PM (IST)

- ਲੋੜਵੰਦ ਬਜ਼ੁਰਗਾਂ ਨੂੰ ਦੋ ਵ੍ਹੀਲ ਚੇਅਰਾਂ ਭੇਟ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਬਿਰਧ ਘਰ ਪਿੰਡ ਫੱਤਾ ਮਾਲੋਕਾ ਦਾ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ ਮਨਜਿੰਦਰ ਸਿੰਘ ਨੇ ਦੌਰਾ ਕੀਤਾ। ਲੋੜਵੰਦ ਬਜ਼ੁਰਗਾਂ ਲਈ ਵਾਈਸ ਆਫ਼ ਮਾਨਸਾ, ਮਨੁੱਖੀ ਅਧਿਕਾਰ ਸੁਰੱਖਿਆ ਸੰਸਥਾ ਬਠਿੰਡਾ ਦੇ ਸਹਿਯੋਗ ਨਾਲ ਦੋ ਵ੍ਹੀਲ ਚੇਅਰਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੈਸ਼ਨਜ਼ ਜੱਜ ਵੱਲੋਂ ਰਾਜਵਿੰਦਰ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ। ਸੈਸ਼ਨਜ਼ ਜੱਜ ਵੱਲੋਂ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਰਹਿਣ ਸਹਿਣ, ਖਾਣ-ਪੀਣ, ਇਲਾਜ ਵਰਗੀਆਂ ਸਹੂਲਤਾਂ ਦੀ ਜਾਂਚ ਕੀਤੀ ਗਈ। ਸੈਸ਼ਨਜ਼ ਜੱਜ ਵੱਲੋਂ ਬਜ਼ੁਰਗਾਂ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਬੁਢਾਪਾ ਪੈਨਸ਼ਨ ਆਦਿ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿੱਚ ਪਹਿਲਾਂ ਵਾਂਗ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੁਜ਼ਰਗਾਂ ਲਈ ਮੁਫ਼ਤ ਮੈਡੀਕਲ ਕੈਂਪ ਭਵਿੱਖ ਵਿਚ ਵੀ ਲਗਾਏ ਜਾਂਦੇ ਰਹਿਣਗੇ। ਕੁੱਝ ਬਜ਼ੁਰਗਾਂ ਨੇ ਆਪਣੇ ਆਧਾਰ ਕਾਰਡ ਨਾ ਬਣੇ ਹੋਣ ਬਾਰੇ ਵੀ ਗੱਲ ਕੀਤੀ ਤਾਂ ਸੈਸ਼ਨਜ਼ ਜੱਜ ਨੇ ਬਿਰਧ ਆਸ਼ਰਮ ਦੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਉਹ ਬਜ਼ੁਰਗਾਂ ਦੀ ਸੂਚੀ ਬਣਾ ਕੇ ਭੇਜਣ ਤਾਂ ਜੋ ਉਨ੍ਹਾਂ ਦੇ ਆਧਾਰ ਕਾਰਡ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣਾਏ ਜਾ ਸਕਣ। ਇਸ ਮੌਕੇ ਵਾਈਸ ਆਫ਼ ਮਾਨਸਾ ਤੋਂ ਹਰਿੰਦਰ ਸਿੰਘ ਮਾਨਸ਼ਾਹੀਆ, ਸੇਠੀ ਸੰਘ ਸਰਾਂ, ਲਖਵਿੰਦਰ ਸਿੰਘ ਮੂਸਾ, ਬਿਰਧ ਆਸ਼ਰਮ ਦੇ ਪ੍ਰਬੰਧਕ ਗੁਰਧਿਆਨ ਸਿੰਘ, ਬਿਰਧ ਆਸ਼ਰਮ ਦੇ ਸਟਾਫ ਮੈਂਬਰ ਆਦਿ ਹਾਜ਼ਰ ਸਨ।