ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵਿਚਾਰ-ਵਟਾਂਦਰਾ
ਮੈਨੇਜਮੈਂਟ ਬੋਰਡ ਮੈਂਬਰ, ਪੰਜਾਬ ਖੇਤੀਬਾੜੀ
Publish Date: Thu, 09 Apr 2026 04:33 PM (IST)
Updated Date: Fri, 10 Apr 2026 04:03 AM (IST)

ਫ਼ੋਟੋ : 06 ਐਮਏਐਨ ਕੈਪਸ਼ਨ : ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਦੌਰਾ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੈਨੇਜਮੈਂਟ ਬੋਰਡ ਮੈਂਬਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੰਜੀ. ਅਮਰਜੀਤ ਸਿੰਘ ਢਿੱਲੋਂ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਜ਼ਮੀਨੀ ਪੱਧਰੀ ਸਮੱਸਿਆਵਾਂ ਤੇ ਉਪਲੱਬਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦਾ ਦੌਰਾ ਕੀਤਾ। ਇਸ ਦੌਰਾਨ ਇੰਜੀ. ਢਿੱਲੋਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਈ ਦੇਸਾ ਅਤੇ ਬੀਰੋਕੇ ਕਲਾਂ ਵਿਖੇ ਜਾ ਕੇ ਸਬਜ਼ੀ ਅਤੇ ਫਲ ਕਾਸ਼ਤਕਾਰਾਂ ਤੇ ਹੋਰ ਉੱਨਤ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਹਾੜ੍ਹੀ ਦੀਆਂ ਫ਼ਸਲਾਂ ਦੀ ਖੇਤੀ ਅਤੇ ਹੋਰ ਸਬੰਧਿਤ ਖੇਤੀਬਾੜੀ ਗਤੀਵਿਧੀਆਂ ਵਿੱਚ ਲੱਗੇ ਕਿਸਾਨਾਂ ਨਾਲ ਚੱਲ ਰਹੀਆਂ ਖੇਤੀ ਤਕਨੀਕਾਂ ਬਾਰੇ ਚਰਚਾ ਕੀਤੀ, ਫਸਲਾਂ ਦੀਆਂ ਹਾਲਤਾਂ ਦਾ ਨਿਰੀਖਣ ਕੀਤਾ ਅਤੇ ਪੀਏਯੂ ਤੇ ਕੇਵੀਕੇ ਵੱਲੋਂ ਉਤਸ਼ਾਹਿਤ ਆਧੁਨਿਕ ਖੇਤੀ ਢੰਗਾਂ ਬਾਰੇ ਉਨ੍ਹਾਂ ਦੇ ਤਜਰਬਿਆਂ ਨੂੰ ਸੁਣਿਆ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਇੱਕ ਵਿਗਿਆਨਕ ਕਿਸਾਨ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ, ਜਿੱਥੇ ਕਿਸਾਨਾਂ ਨੇ ਖੇਤੀਬਾੜੀ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਇਨ੍ਹਾਂ ’ਚ ਪਾਣੀ ਦੀ ਘਾਟ, ਮਿੱਟੀ ਦੀ ਉਪਜਾਊ ਸ਼ਕਤੀ, ਕੀੜੇ-ਮਕੌੜਿਆਂ ਦਾ ਪ੍ਰਬੰਧਨ ਅਤੇ ਉਤਪਾਦ ਦੀ ਮਾਰਕੀਟਿੰਗ ਵਰਗੇ ਮੁੱਦੇ ਸ਼ਾਮਲ ਸਨ। ਕਿਸਾਨਾਂ ਨੇ ਖੇਤੀਬਾੜੀ ਨੀਤੀਆਂ, ਸਬਸਿਡੀਆਂ, ਫਸਲ ਬੀਮਾ, ਘੱਟੋ-ਘੱਟ ਸਮਰਥਨ ਮੁੱਲ ਤੇ ਫਸਲ ਵਿਭਿੰਨਤਾ, ਯੰਤਰੀਕਰਨ ਤੇ ਵਾਤਾਵਰਣ ਅਨੁਕੂਲ ਖੇਤੀ ਵਰਗੇ ਹੋਰ ਮਹੱਤਵਪੂਰਨ ਖੇਤਰਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।