ਦਿਵਿਆਂਗਾਂ ਨੇ ਸੀਐੱਮ ਮਾਨ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ
ਸਥਾਨਕ ਜਿਲ੍ਹਾ ਕਚਿਹਰੀਆਂ ਲਾਗੇ
Publish Date: Fri, 06 Mar 2026 06:58 PM (IST)
Updated Date: Sat, 07 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹਾ ਕਚਿਹਰੀਆਂ ਨਜ਼ਦੀਕ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿੱਚ ਫ਼ਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਤੋਂ ਪਹਿਲਾਂ ਬਾਲ ਭਵਨ ਵਿਖੇ ਇਕੱਤਰ ਹੋਏ ਅੰਗਹੀਣਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾਂ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੂੰ ਭੰਡ ਕੇ ‘ਆਪ’ ਸੱਤਾ ’ਚ ਆ ਗਈ ਪਰ ਚਾਰ ਸਾਲ ਬੀਤ ਜਾਣ ਮਗਰੋਂ ਵੀ ਸੂਬੇ ਦੇ ਦਿਵਿਆਂਗਾਂ ਦੀਆਂ ਆਸਾਂ 'ਤੇ ਖਰਾ ਨਹੀਂ ਉਤਰ ਸਕੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਚਾਰ ਸਾਲਾਂ ਦੌਰਾਨ ਉਨ੍ਹਾਂ ਦੇ ਹਿੱਤ ਵਿੱਚ ਕੋਈ ਵੀ ਨਵੀਂ ਯੋਜਨਾ ਨਹੀਂ ਬਣਾਈ ਗਈ ਅਤੇ ਨਾ ਹੀ ਉਨ੍ਹਾਂ ਲਈ ਪੱਕੇ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਆਪ ਪਾਰਟੀ ਵੱਲੋਂ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਗਰੰਟੀਆਂ ਦਿੱਤੀ ਗਈ ਸੀ ਪਰ ਅਜੇ ਤੱਕ ਇਹ ਵਧੀ ਹੋਈ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ। ਇਨ੍ਹਾਂ ਚਾਰ ਸਾਲਾਂ ਦੌਰਾਨ ਜੱਥੇਬੰਦੀ ਵੱਲੋਂ ਕਈ ਮੰਗ ਪੱਤਰ ਦਿੱਤੇ ਗਏ ਹਨ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰ੍ਹੀਆਂ ਤਾਂ ਕਰਨੀਆਂ ਹੀ ਕੀ ਸਨ। ਖੁਦ ਦਿੱਤੀਆਂ ਗਰੰਟੀਆਂ ਨੂੰ ਵੀ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ 8 ਮਾਰਚ ਨੂੰ ਸ਼ੁਰੂ ਹੋਣ ਵਾਲੇ ਬਜਟ ਸ਼ੈਸ਼ਨ ਵਿੱਚ ਖੁਦ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਲਈ ਮਤਾ ਨਾ ਲਿਆਂਦਾ ਗਿਆ ਤਾਂ ਉਹ 17 ਮਾਰਚ ਨੂੰ ਇੱਕ ਮੀਟਿੰਗ ਕਰਕੇ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸਵਿੱਤਰੀ ਦੇਵੀ, ਰਾਜਵਿੰਦਰ ਕੌਰ, ਮੀਨੂ, ਗੁਰਜਾਂ ਕੌਰ, ਬਿੰਦਰ ਕੌਰ ਖਿਆਲਾ, ਸੁਖਜੀਤ ਸਿੰਘ, ਸੁਨੀਲ ਮਸੀਹ ਬੁਢਲਾਡਾ, ਅਸੀਮ ਗੋਇਲ ਸਰਦੂਲਗੜ੍ਹ, ਗੁਰਜੰਟ ਦੌੜਦਾ, ਪਰਗਟ ਰੱਲਾ, ਗੁਰਸੇਵਕ ਟਾਂਡੀਆ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਵੀਰ ਸਿੰਘ, ਰਮੇਸ਼ ਕੁਮਾਰ, ਰਾਜ ਕੁਮਾਰ, ਨਿੱਕੂ ਰਾਮ, ਸਚਿਨ ਕੁਮਾਰ, ਰਾਜ ਕੁਮਾਰ, ਗੁਰਚਰਨ ਸਿੰਘ, ਹਰਬੰਸ ਸਿੰਘ, ਮੱਖਨ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।