ਦਿਵਿਆਂਗਾਂ ਨੇ ਫੂਕੀਆਂ ਸਰਕਾਰ ਦੇ ਬਜਟ ਦੀਆਂ ਕਾਪੀਆਂ
ਪੜੵੇ-ਲਿਖੇ ਅੰਗਹੀਣਾਂ ਦੇ ਪੱਕੇ ਰੋਜਗਾਰ ਸਮੇਤ
Publish Date: Tue, 17 Mar 2026 07:02 PM (IST)
Updated Date: Wed, 18 Mar 2026 04:13 AM (IST)
-ਕਿਹਾ, 23 ਮਾਰਚ ਨੂੰ ਰੋਸ ਉਪਰੰਤ ਮੰਤਰੀ ਡਾ. ਬਲਜੀਤ ਕੌਰ ਦਾ ਫੂਕਾਂਗੇ ਪੁਤਲਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੜ੍ਹੇ ਲਿਖੇ ਅੰਗਹੀਣਾਂ ਦੇ ਪੱਕੇ ਰੋਜ਼ਗਾਰ ਸਮੇਤ ਪੈਨਸ਼ਨ ਰਾਸ਼ੀ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਅੰਗਹੀਣਾਂ ਦੀ ਅਣਦੇਖੀ ਕਰਨ ਦੇ ਰੋਸ ਵਿੱਚ ਫ਼ਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਲਾਗੇ ਬਜਟ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਬਾਲ ਭਵਨ ਵਿਖੇ ਅੰਗਹੀਣ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਕੈਬਨਿਟ ਮੰਤਰੀ ਦਾ ਪੁਤਲਾ ਫੂਕਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਜਿਲ੍ਹਾ ਪ੍ਧਾਨ ਅਵਿਨਾਸ਼ ਸ਼ਰਮਾ, ਅਸੀਮ ਗੋਇਲ ਅਤੇ ਜਸਪਾਲ ਸਿੰਘ ਰਾਮਨਗਰ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ 'ਚ ਆਪ ਦੀ ਸਰਕਾਰ ਬਨਣ 'ਤੇ ਅੰਗਹੀਣ ਵਿਅਕਤੀਆਂ ਦੇ ਪੱਕੇ ਰੋਜ਼ਗਾਰ ਸਮੇਤ ਹਰ ਤਰ੍ਹਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ ਪਰ ਹੁਣ ਇਸ ਸਰਕਾਰ ਵੱਲੋਂ ਚਾਰ ਸਾਲ ਬੀਤਣ ਮਗਰੋਂ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰ੍ਹਾ ਨਹੀਂ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਗਏ। ਜਿਨ੍ਹਾਂ ਰਾਹੀਂ ਮੰਗ ਕੀਤੀ ਗਈ ਸੀ ਕਿ ਪੜ੍ਹੇ ਲਿਖੇ ਅੰਗਹੀਣਾਂ ਨੂੰ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ, ਪੈਨਸ਼ਨ ਰਾਸ਼ੀ ਵਧਾ ਕੇ ਪੰਜ ਹਜ਼ਾਰ ਰੁਪਏ ਕਰਨ ਸਮੇਤ ਉਨ੍ਹਾਂ ਦੇ ਜੀਵਨ ਲਈ ਲੋੜੀਂਦੀਆਂ ਹੋਰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਬਜਟ ਵੀ ਅੰਗਹੀਣਾਂ ਦੇ ਹਿੱਤ ਵਿੱਚ ਕੋਈ ਵੀ ਨਵੀਂ ਨੀਤੀ ਨਹੀਂ ਬਣਾਈ ਗਈ ਅਤੇ ਨਾ ਹੀ ਉਨ੍ਹਾਂ ਲਈ ਪੈਨਸ਼ਨ ਰਾਸ਼ੀ ਵਿੱਚ ਕੋਈ ਵਾਧਾ ਕੀਤਾ ਗਿਆ ਹੈ। ਇਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਲਈ ਪੱਕੇ ਰੋਜ਼ਗਾਰ ਤੋਂ ਇਲਾਵਾ ਪੈਨਸ਼ਨ ਰਾਸ਼ੀ ਵਿੱਚ ਵਾਧਾ ਕਰਕੇ ਉਨ੍ਹਾਂ ਦੇ ਜੀਵਨ ਲਈ ਲੋੜੀਦੀਆਂ ਹੋਰ ਬੁਨਿਆਦੀ ਸਹੂਲਤਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਮੰਗਾਂ ਦਾ ਜਲਦੀ ਹੱਲ ਨਹੀਂ ਕਰਦੀ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਨੀਲ ਮਸੀਹ, ਗਮਦੁਰ ਸਿੰਘ, ਸੁਖਜੀਤ ਸਿੰਘ ਘੁੱਦੂਵਾਲ, ਭੀਮ ਸਿੰਘ, ਸੁਰਜਨ ਬੁਢਲਾਡਾ, ਗਗਨ ਖਿਆਲਾਂ, ਗੁਰਜੰਟ ਦੌੜਦਾ, ਬਲਵਿੰਦਰ ਸਿੰਘ, ਮੱਖਨ ਸਿੰਘ, ਮਨਦੀਪ ਸਿੰਘ ਭੀਖੀ, ਗਗਨਦੀਪ ਸਿੰਘ ਆਦਿ ਮੌਜੂਦ ਸਨ।