ਹਾਈਵੇ ’ਤੇ ਖਿੱਲਰਿਆ ਗੰਦਾ ਪਾਣੀ ਦੇ ਰਿਹੈ ਹਾਦਸਿਆਂ ਨੂੰ ਸੱਦਾ
ਪਿਛਲੇ ਕਈ ਦਿਨਾਂ ਤੋਂ ਬਰੇਟਾ ਬੁਢਲਾਡਾ
Publish Date: Fri, 24 Apr 2026 06:34 PM (IST)
Updated Date: Sat, 25 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਬੁਢਲਾਡਾ ਹਾਈਵੇ ਤੇ ਸੀਵਰੇਜ ਤੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਰਾਹਗੀਰਾਂ ਨੂੰ ਇਸ ਜਮ੍ਹਾਂ ਹੋਏ ਪਾਣੀ ਦੇ ਕਾਰਨ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਸੜਕ ਤੇ ਲਗਾਤਾਰ ਓਵਰਫਲੋਅ ਹੋ ਰਿਹਾ ਇਹ ਗੰਦਲਾ ਪਾਣੀ ਨਾ ਸਿਰਫ ਗੰਦਗੀ ਫੈਲਾ ਰਿਹਾ ਹੈ, ਸਗੋਂ ਰਾਹਗੀਰਾਂ ਲਈ ਵੱਡਾ ਖਤਰਾ ਵੀ ਬਣ ਚੁੱਕਾ ਹੈ। ਮੁਲਾਜ਼ਮ ਕਾਲੋਨੀ ਦੇ ਲੋਕਾਂ ਨੇ ਦੱਸਿਆ ਕਿ ਸੀਵਰੇਜ ਅਤੇ ਨਾਲੀਆਂ ਦਾ ਗੰਦਾ ਪਾਣੀ ਪਿੱਛੋਂ ਵਾਰਡ-13 ਵਾਲੀ ਸਾਈਡ ਤੋਂ ਆ ਕੇ ਸੜਕ ’ਤੇ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਆਏ ਦਿਨ ਕਈ ਛੋਟੇ ਵੱਡੇ ਹਾਦਸੇ ਵਾਪਰ ਰਹੇ ਹਨ। ਖ਼ਾਸ ਕਰਕੇ ਰਾਤ ਸਮੇਂ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰ ਲੈਂਦੀ ਹੈ, ਜਦੋਂ ਪਾਣੀ ਨਾਲ ਭਰੀ ਸੜਕ ਦਿਖਾਈ ਨਹੀਂ ਦਿੰਦੀ। ਲੋਕ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਸਮੱਸਿਆ ਤੋਂ ਦੁੱਖੀ ਰਾਹਗੀਰਾਂ ਅਤੇ ਕਲੋਨੀ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ, ਐੱਸਡੀਐੱਮ ਤੇ ਨਗਰ ਕੌਂਸਲ ਕੋਲ ਸ਼ਿਕਾਇਤਾਂ ਕਰ ਚੁੱਕੇ ਹਾਂ। ਪਰ ਅਜੇ ਤੱਕ ਇਸਦਾ ਕੋਈ ਵੀ ਢੁੱਕਵਾਂ ਹੱਲ ਨਹੀਂ ਨਿਕਲਿਆ। ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ ਤਾਂ ਇਸ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਜਦ ਇਸ ਸਬੰਧੀ ਐਸਡੀਐਮ ਗਗਨਦੀਪ ਸਿੰਘ ਬੁਢਲਾਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ।