ਡਰੱਗ ਸਪੋਟ ਏਰੀਆ ਦੀ ਚੈਕਿੰਗ, ਨਸ਼ੀਲੇ ਪਦਾਰਥ ਬਰਾਮਦ
ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਲਾਅ
Publish Date: Thu, 19 Mar 2026 06:21 PM (IST)
Updated Date: Thu, 19 Mar 2026 06:25 PM (IST)
- ਜ਼ਿਲ੍ਹਾ ਮਾਨਸਾ ਨੂੰ ਨਸ਼ਾ ਮੁਕਤ ਕਰਨ ਲਈ ਅਜਿਹੇ ਸਰਚ ਆਪ੍ਰੇਸ਼ਨ ਜਾਰੀ ਰੱਖੇ ਜਾਣਗੇ : ਐੱਸਐੱਸਪੀ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਜ਼ਿਲ੍ਹਾ ਮਾਨਸਾ ਅੰਦਰ ਹਰਜੀਤ ਸਿੰਘ ਆਈਪੀਐੱਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਏਰੀਆ ਦੀ ਚੈਕਿੰਗ ਕੀਤੀ ਗਈ। ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਅਸਰਦਾਰ ਢੰਗ ਨਾਲ ਨਾਕੇਬੰਦੀ ਕਰ ਕੇ ਸਵੇਰੇ 11 ਵਜੇ ਤੋਂ ਦੁਪਹਿਰ 02 ਵਜੇ ਤੱਕ ਸਰਚ ਕੀਤੀ ਗਈ। ਸਰਚ ਆਪ੍ਰੇਸ਼ਨ ਦੌਰਾਨ 21 ਪੁਲਿਸ ਪਾਰਟੀਆਂ ਜਿਨ੍ਹਾਂ ਵਿਚ 02 ਐੱਸਪੀ, 07 ਡੀਐੱਸਪੀ, 12 ਮੁੱਖ ਅਫ਼ਸਰਾਂ ਸਮੇਤ ਕੁਲ 246 ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆ ਦੀ ਚੈਕਿੰਗ਼ ਕੀਤੀ ਗਈ। ਚੈਕਿੰਗ਼ ਦੌਰਾਨ 06 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੱਧ ਐੱਨਡੀਪੀਐੱਸ ਐਕਟ/ਬੀਐੱਨਐੱਸ ਤਹਿਤ 05 ਮੁਕੱਦਮੇ ਦਰਜ ਕਰ ਕੇ 14.50 ਗ੍ਰਾਮ ਹੈਰੋਇਨ, 54 ਨਸ਼ੇ ਦੀਆਂ ਗੋਲੀਆਂ ਅਤੇ 150 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ। ਇਨ੍ਹਾਂ ਵੱਖ-ਵੱਖ ਥਾਣਿਆਂ ਅੰਦਰ ਦਰਜ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਸ਼ਨਾਖ਼ਤ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ ਰੋਜ਼ਾਨਾ ਹੀ ਗਸ਼ਤ, ਨਾਕੇਬੰਦੀਆਂ ਅਤੇ ਸਰਚ ਆਪ੍ਰੇਸ਼ਨਾਂ ਰਾਹੀਂ ਮਾੜੇ ਅਨਸਰਾਂ ਨੂੰ ਕਾਬੂ ਕਰ ਕੇ, ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰਾਂ/ਪਿੰਡਾਂ ਦੇ ਸਕੂਲ ਵਿੱਚ ਨਸ਼ਿਆਂ ਸਬੰਧੀ ਸੈਮੀਨਰ ਕਰ ਕੇ ਨੌਜਵਾਨਾਂ/ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ।