ਡਾਇਟ ਅਹਿਮਦਪੁਰ ਨੇ ਦੂਜੀ ਵਾਰ ਜਿੱਤੀ ਓਵਰਆਲ ਟਰਾਫ਼ੀ
ਪਿਛਲੇ ਵਰ੍ਹੇ ਦੀ ਤਰ੍ਹਾਂ ਸੈਸ਼ਨ 2025-26 ਦਾ
Publish Date: Tue, 13 Jan 2026 07:14 PM (IST)
Updated Date: Wed, 14 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਹਿਮਦਪੁਰ : ਪਿਛਲੇ ਵਰ੍ਹੇ ਦੀ ਤਰ੍ਹਾਂ ਸੈਸ਼ਨ 2025-26 ਦਾ ਸੂਬਾ ਪੱਧਰੀ ਅੰਤਰ-ਡਾਈਟ ਯੁਵਕ ਮੇਲਾ ਡਾਇਟ ਸੰਗਰੂਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਵੰਨਗੀਆਂ ਵਿੱਚ ਮੱਲਾਂ ਮਾਰਦਿਆਂ ਡਾਈਟ ਅਹਿਮਦਪੁਰ ਨੇ ਲਗਾਤਾਰ ਦੂਜੀ ਵਾਰ ਓਵਰਆਲ ਟਰਾਫ਼ੀ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ। ਸੰਸਥਾ ਦੇ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ 8 ਅਤੇ 9 ਜਨਵਰੀ ਨੂੰ ਕਰਵਾਏ ਗਏ ਰਾਜ ਪੱਧਰੀ ਯੁਵਕ ਮੇਲੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀਆਂ ਡਾਇਟਾਂ ਦੇ ਸਿਖਿਆਰਥੀਆਂ ਦੇ ਭੰਗੜਾ, ਗਿੱਧਾ, ਵਾਦ-ਵਿਵਾਦ, ਲੇਖ ਲਿਖਣ, ਕੁਇਜ਼, ਪੋਸਟਰ ਮੇਕਿੰਗ, ਰੋਲ ਪਲੇਅ, ਸੁੰਦਰ ਲਿਖਤ ਮੁਕਾਬਲੇ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚੋਂ ਡਾਇਟ ਅਹਿਮਦਪੁਰ ਨੇ ਭੰਗੜੇ, ਗਿੱਧੇ ਤੇ ਲੇਖ ਲਿਖਣ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਵਾਦ-ਵਿਵਾਦ ’ਚ ਤੀਜਾ ਅਤੇ ਅੰਗਰੇਜ਼ੀ ਦੇ ਸੁੰਦਰ ਲਿਖਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਵਿੱਚ ਪਹੁੰਚਣ ਉਪਰੰਤ ਜੇਤੂ ਸਿਖਿਆਰਥੀਆਂ ਤੇ ਉਨ੍ਹਾਂ ਦੇ ਕੋਚਾਂ ਦਾ ਸਨਮਾਨ ਸਮਾਗਮ ਕੀਤਾ ਗਿਆ, ਜਿਸ ’ਚ ਭੰਗੜਾ ਕੋਚ ਸ਼ਿੰਗਾਰਾ ਸਿੰਘ ਤੇ ਬਲਕਰਨ ਸਿੰਘ, ਲੇਖ ਲਿਖਣ, ਕੁਇਜ਼ ਅਤੇ ਵਾਦ ਵਿਵਾਦ ਦੀ ਅਗਵਾਈ ਕਰਨ ਲਈ ਨਵਨੀਤ ਕੱਕੜ, ਗਿੱਧਾ ਕੋਚ ਹਰਦੀਪ ਕੌਰ ਅਤੇ ਜਸਵੀਰ ਕੌਰ ਵਿਰਦੀ, ਲੋਕ ਗੀਤ ਦੀ ਤਿਆਰੀ ਕਰਵਾਉਣ ਲਈ ਗੁਰਪ੍ਰੀਤ ਸਿੰਘ ਕਣਕਵਾਲ ਚਹਿਲਾਂ ਤੇ ਊਧਮ ਆਲਮ, ਪੋਸਟਰ ਮੇਕਿੰਗ ਅਤੇ ਸੁੰਦਰ ਲਿਖਤ ਮੁਕਾਬਲੇ ਦੀ ਤਿਆਰੀ ਕਰਵਾਉਣ ਵਾਲੇ ਮਨਜੀਤ ਸਿੰਘ ਤੇ ਬਾਲ ਕ੍ਰਿਸ਼ਨ ਤੇ ਭੰਗੜੇ ਦੇ ਢੋਲੀ ਜਗਤਾਰ ਸਿੰਘ ਬੱਗਾ ਨੂੰ ਵਿਸ਼ੇਸ਼ ਤੌਰ ’ਤੇ ਇਸ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ’ਚ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਤਿਆਰੀ ਕਰਵਾਉਣ ਵਾਲੇ ਕੋਚ ਦਾ ਧੰਨਵਾਦ ਕੀਤਾ ਤੇ ਲਗਾਤਾਰ ਦੂਸਰੀ ਵਾਰ ਓਵਰਆਲ ਟਰਾਫ਼ੀ ਜਿੱਤਣ ਤੇ ਸਭ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਮੰਚ ਸੰਚਾਲਨ ਡਾਕਟਰ ਗੁਰਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਰਾਣੀ, ਡਾ. ਕਰਨੈਲ ਸਿੰਘ ਵੈਰਾਗੀ, ਹੈੱਡਮਾਸਟਰ ਹਰਪ੍ਰੀਤ ਸਿੰਘ ਜੱਸਲ, ਬਲਵਿੰਦਰ ਸਿੰਘ, ਪਰਸ਼ੋਤਮ ਸਿੰਘ ਲੈਕਚਰਾਰ ਨਵਦੀਪ ਕੌਰ, ਬਲਦੇਵ ਪ੍ਰਕਾਸ਼ ਸਿੰਗਲਾ, ਸਤਨਾਮ ਸਿੰਘ, ਜਸਪਾਲ ਕੌਰ, ਹਰਵਿੰਦਰ ਕੌਰ, ਸਰਬਜੀਤ ਕੌਰ, ਮਗਿੰਦਰਜੀਤ ਸਿੰਘ ਅਤੇ ਅਮਨਦੀਪ ਸਿੰਘ ਹਾਜ਼ਰ ਸਨ।