ਦਿਲਜੋਤ ਕੌਰ ਦੀ ਮੌਤ ਬਾਰੇ ਜਾਂਚ ਭਲਕੇ
ਪਿੰਡ ਰੱਲਾ ਦੀ ਲੜਕੀ ਐਡਵੋਕੇਟ ਦਿਲਜੋਤ
Publish Date: Sat, 31 Jan 2026 06:32 PM (IST)
Updated Date: Sun, 01 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਰੱਲਾ ਦੀ ਲੜਕੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਲੁਧਿਆਣਾ ਵਿਖੇ 5 ਜਨਵਰੀ ਨੂੰ ਭੇਤ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿਚ ਐਕਸ਼ਨ ਕਮੇਟੀ ਵੱਲੋਂ ਸਬੰਧਿਤ ਪੁਲਿਸ ਅਫ਼ਸਰਾਂ ਨਾਲ ਮੁਲਕਾਤ ਕੀਤੀ ਗਈ। ਇਸ ’ਚ ਪੁਲਿਸ ਅਫ਼ਸਰਾਂ ਨੇ ਕਿਹਾ ਸੀ ਕਿ ਹਾਲੇ ਉਨ੍ਹਾਂ ਦੀ ਜਾਂਚ ਮੁਕੰਮਲ ਨਹੀਂ ਹੋਈ, ਜਿਸ ਕਰਕੇ ਸਾਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਇਸ ਪੱਖ ਨੂੰ ਮੱਦੇਨਜ਼ਰ ਰੱਖਦਿਆਂ ਮ੍ਰਿਤਕਾ ਦੇ ਪਰਿਵਾਰ ਤੇ ਜਨਤਕ ਜਮਹੂਰੀ ਜਥੇਬੰਦੀਆਂ ‘ਤੇ ਅਧਾਰਿਤ ਐਕਸ਼ਨ ਕਮੇਟੀ ਨੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ 2 ਫ਼ਰਵਰੀ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਜਾਂਚ ਖ਼ਾਤਰ ਪੁਲਿਸ ਨੂੰ ਇਕ ਹਫ਼ਤੇ ਦਾ ਹੋਰ ਸਮਾਂ ਦੇਣ ਲਈ ਉਸ ਨੂੰ ਫ਼ਿਲਹਾਲ ਮੁਲਤਵੀ ਕੀਤਾ ਜਾਂਦਾ ਹੈ। ਐਕਸ਼ਨ ਕਮੇਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਹੈ ਕਿ ਜੇਕਰ ਇਕ ਹਫ਼ਤੇ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਐਕਸ਼ਨ ਕਮੇਟੀ ਆਪਣੀ ਮੀਟਿੰਗ ਕਰ ਕੇ ਅਗਲੇ ਐਕਸ਼ਨ ਦਾ ਫ਼ੈਸਲਾ ਕਰੇਗੀ।