ਵਿਸਾਖੀ ’ਤੇ ਤਲਵੰਡੀ ਸਾਬੋ ਜਾਣ ਵਾਲੀ ਸੰਗਤ ਸੜਕ ਖ਼ਰਾਬ ਕਾਰਨ ਪਰੇਸ਼ਾਨ
ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਲਵੰਡੀ
Publish Date: Mon, 13 Apr 2026 07:09 PM (IST)
Updated Date: Tue, 14 Apr 2026 04:08 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਲਵੰਡੀ ਸਾਬੋ ਨੂੰ ਜਾਣ ਵਾਲੀਆਂ ਸੰਗਤ ਨੂੰ ਇਸ ਵਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਨਸਾ ਤੋਂ ਤਲਵੰਡੀ ਸਾਬੋ ਰੋਡ ਰਾਹੀਂ ਲੱਖਾਂ ਦੀ ਗਿਣਤੀ ਵਿਚ ਸੰਗਤ ਵਿਸਾਖੀ ਮਨਾਉਣ ਲਈ ਪਹੁੰਚਦੀ ਹੈ, ਪਰ ਸੜਕ ਦੇ ਮੁਰੰਮਤ ਕਾਰਨ ਯਾਤਰਾ ’ਚ ਮੁਸ਼ਕਿਲ ਆ ਰਹੀ ਹੈ। ਮਾਨਸਾ-ਤਲਵੰਡੀ ਸਾਬੋ ਰੋਡ ‘ਤੇ ਇਸ ਸਮੇਂ ਪੁੱਟੀ ਹੋਈ ਹੈ, ਜਿਸ ਕਾਰਨ ਸੜਕ ’ਤੇ ਧੂੜ ਮਿੱਟੀ ਉੱਡ ਰਹੀ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਰੋੜੇ ਵੀ ਉਖੜੇ ਹੋਏ ਹਨ, ਜਿਸ ਕਰਕੇ ਦੋ ਪਹੀਆ ਅਤੇ ਛੋਟੇ ਵਾਹਨਾਂ ‘ਤੇ ਜਾਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਮਦਿੱਤੇਵਾਲਾ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਸਾਖੀ ਮੌਕੇ ਹਰ ਸਾਲ ਲੱਖਾਂ ਦੀ ਗਿਣਤੀ ’ਚ ਸੰਗਤ ਤਲਵੰਡੀ ਸਾਬੋ ਪਹੁੰਚਦੀ ਹੈ ਅਤੇ ਵੱਡੀ ਗਿਣਤੀ ਮਾਨਸਾ ਵਾਲੇ ਰਸਤੇ ਰਾਹੀਂ ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਸ ਮਹੱਤਵਪੂਰਨ ਸੜਕ ਦੀ ਮੁਰੰਮਤ ਵਿਸਾਖੀ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਂਦੀ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਉਂਦੀ। ਪਰ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇ਼ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਸੜਕ ਦੇ ਕੰਮ ਨਾਲ ਜੁੜੇ ਠੇਕੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਟ੍ਰੈਫ਼ਿਕ ਹੋਣ ਕਰਕੇ ਥੋੜ੍ਹਾ ਸਮਾਂ ਲੱਗ ਰਿਹਾ ਹੈ ਅਤੇ ਪਹਿਲੀ ਲੇਅਰ ਅਗਲੇ 15 ਦਿਨਾਂ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਧੂੜ ਮਿੱਟੀ ਉੱਡਣ ਤੋਂ ਠੱਲ੍ਹ ਪਾਉਣ ਲਈ ਸੜਕ ‘ਤੇ ਨਿਯਮਿਤ ਤੌਰ ’ਤੇ ਪਾਣੀ ਦਾ ਛਿੜਕਾਓ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ। ਫ਼ਿਲਹਾਲ ਸੰਗਤ ਤੇ ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਯਾਤਰਾ ਸੁਖਾਲੀ ਬਣ ਸਕੇ।