ਧੁੱਪ ਨਿਕਲਣ ਦੇ ਬਾਵਜੂਦ ਠੰਢ ਦਾ ਕਹਿਰ ਜਾਰੀ
ਪਹਾੜੀ ਖੇਤਰਾਂ ‘ਚ ਹੋ ਰਹੀ ਲਗਾਤਾਰ ਬਰਫ਼ਬਾਰੀ
Publish Date: Sun, 11 Jan 2026 07:09 PM (IST)
Updated Date: Mon, 12 Jan 2026 04:15 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਹਾੜੀ ਖੇਤਰਾਂ ‘ਚ ਹੋ ਰਹੀ ਲਗਾਤਾਰ ਬਰਫ਼ਬਾਰੀ ਬਾਅਦ ਪੰਜਾਬ ਭਰ ‘ਚ ਅਜੇ ਵੀ ਠੰਢ ਪੈਣ ਦਾ ਸਿਲਸਿਲਾ ਜਾਰੀ ਹੈ। ਭਾਵੇਂਕਿ ਦਿਨ ਵੇਲੇ ਧੁੱਪ ਨਿਕਲ ਰਹੀ ਹੈ ਪਰ ਸਵੇਰੇ ਸ਼ਾਮ ਨੂੰ ਹੱਡ ਚੀਰਵੀਂ ਠੰਢ ਪੈ ਰਹੀ ਹੈ। ਇਸ ਕਾਰਨ ਵਿਅਕਤੀ ਠੰਢ ਕਾਰਨ ਠੁਰ ਠੁਰ ਕਰਦੇ ਦਿਖਾਈ ਦੇ ਰਹੇ ਹਨ ਅਤੇ ਆਪਣੇ ਆਪ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ ਕਰ ਰਹੇ ਹਨ। ਦਿਹਾੜੀਦਾਰਾਂ ਲਈ ਵੀ ਇਹੀ ਠੰਢ ਦਾ ਮੌਸਮ ਕਹਿਰ ਬਣ ਕੇ ਆਇਆ ਹੈ, ਜਦੋਂਕਿ ਖੁੱਲ੍ਹੇ ਅਸਮਾਨ ਹੇਠਾਂ ਬੈਠੇ ਮਜ਼ਬੂਰਨ ਲਡੋਕਾਂ ਲਈ ਵੀ ਇਸ ਠੰਢ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਰੌਣਕਾਂ ਦਿਖਾਈ ਦੇ ਰਹੀਆਂ ਹਨ ਅਤੇ ਲੋਕ ਉਨ੍ਹਾਂ ਦੁਕਾਨਾਂ ਤੋਂ ਆਪਣੇ ਬਚਾਅ ਲਈ ਗਰਮ ਕੱਪੜੇ ਖ਼ਰੀਦਦੇ ਨਜ਼ਰ ਆ ਰਹੇ ਹਨ। ਕਈ ਲੋਕ ਧੂੰਈਆਂ ਦਾ ਸਹਾਰਾ ਲੈ ਕੇ ਆਪਣਾ ਬਚਾਅ ਕਰ ਰਹੇ ਹਨ, ਜਦੋਂਕਿ ਕੁੱਝ ਘਰਾਂ ਅੰਦਰ ਰਜਾਈਆਂ ’ਚ ਹੀ ਬੈਠ ਸਮਾਂ ਲੰਘਾ ਰਹੇ ਹਨ। ਮੂੰਗਫਲੀ, ਗੱਚਕ ਵੇਚਣ ਵਾਲੇ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਇਸ ਠੰਢ ਦੇ ਕਾਰਨ ਜ਼ਰੂਰ ਵਧਿਆ ਹੈ, ਪਰ ਠੰਢ ’ਚ ਕੰਮ ਕਰਨਾ ਵੀ ਕੋਈ ਸੌਖਾ ਨਹੀਂ। ਇਸ ਠੰਢ ਨਾਲ ਮੁਸ਼ਕਿਲਾਂ ਤਾਂ ਹਰ ਕਿਸੇ ਲਈ ਵੱਧ ਰਹੀਆਂ ਹਨ।