- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਵਿੱਚ ਗੈਸ ਉਪਭੋਗਤਾਵਾਂ ਦੀਆਂ ਸੁਵਿਧਾਵਾਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ‘ਚ ਗੈਸ ਸਿਲੰਡਰ ਲੈਣ ਲਈ ਲੋਕ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਹਨ। ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈਆਂ ਦੇ ਘਰਾਂ ਸਿਲੰਡਰ ਖ਼ਤਮ ਹੋਣ ਬਾਅਦ ਮਿਲੇ ਹੀ ਨਹੀਂ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੈਸ ਖ਼ਪਤਕਾਰਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕਈ ਵਿਅਕਤੀ ਸਿਲੰਡਰ ਨਾ ਮਿਲਣ ’ਤੇ ਆਪਣੀ ਜਾਣ-ਪਛਾਣ ਵਾਲਿਆਂ ਤੋਂ ਕੋਈ ਸਿਲੰਡਰ ਪਿਆ ਹੋਣ ’ਤੇ ਸਮਾਂ ਗੁਜ਼ਾਰ ਰਹੇ ਹਨ, ਜਦੋਂਕਿ ਕੁੱਝ ਵਿਅਕਤੀਆਂ ਨੂੰ ਸਿਲੰਡਰ ਨਾ ਮਿਲਣ ਦੇ ਬਾਵਜੂਦ ਵੀ ਡਲਿਵਰੀ ਦੇ ਮੈਸੇਜ਼ ਆਉਣ ਕਾਰਨ ਵਿਅਕਤੀ ਰੋਸ ਜਤਾ ਰਹੇ ਹਨ। ਸਿਲੰਡਰ ਲੈਣ ਲਈ ਫ਼ੋਨ ਰਾਹੀਂ ਲੋਕ ਸਿਫ਼ਾਰਸ਼ਾਂ ਗੈਸ ਏਜੰਸੀਆਂ ਤੱਕ ਕਰਵਾਉਣ ਦੀ ਕੋਸ਼ਿਸ ਕਰਦੇ ਦਿਖਾਈ ਦੇ ਰਹੇ ਹਨ।
ਸੋਨੀਆ ਰਾਣੀ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਮੁਸ਼ਕਲ ਹੋ ਰਿਹਾ ਹੈ। ਉਹ ਕੋਸ਼ਿਸ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਸਿਲੰਡਰ ਮਿਲ ਜਾਵੇ। ਜੀਵਨ ਕ੍ਰਾਂਤੀ ਦਾ ਕਹਿਣਾ ਸੀ ਕਿ ਉਸ ਕੋਲ ਕੋਈ ਸਿਲੰਡਰ ਦੀ ਡਿਲੀਵਰੀ ਹੋਈ ਨਹੀਂ, ਪਰ ਇੱਕ ਮੈਸੇਜ ਆਇਆ ਸੀ। ਸਿਲੰਡਰ ਦੀ ਉਸ ਨੂੰ ਲੋੜ ਹੈ। ਸੁਧੀਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਿਲੰਡਰ ਲੈਣ ਲਈ ਕਾਫ਼ੀ ਭੱਜ ਦੌੜ ਕੁੱਝ ਦਿਨ ਕੀਤੀ, ਪਰ ਨਹੀਂ ਮਿਲਿਆ। ਇਸ ਦੇ ਕਾਰਨ ਉੁਸ ਨੇ ਕਿਸੇ ਦੇ ਘਰੋਂ 10 ਕਿੱਲੋ ਦੇ ਕਰੀਬ ਸਿਲੰਡਰ ‘ਚ ਗੈਸ ਸੀ। ਉਹ ਲੈ ਕੇ ਘਰ ਦਾ ਕੰਮ ਸਾਰ ਰਹੇ ਹਨ। ਕਈ ਵਿਅਕਤੀਆਂ ਵੱਲੋਂ ਬਿਜਲੀ ਵਾਲੇ ਚੁੱਲ੍ਹੇ ਖ਼ਰੀਦੇ ਜਾ ਰਹੇ ਹਨ।
ਹਾਲਾਂਕਿ ਦੂਜੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਗੈਸ ਖ਼ਪਤਕਾਰਾਂ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਡੀਸੀ ਨਵਜੋਤ ਕੌਰ ਨੇ ਅੱਜ ਗੈਸ ਕੰਪਨੀਆਂ ਦੇ ਡੀਲਰਾਂ ਅਤੇ ਫੂਡ ਤੇ ਸਿਵਲ ਸਪਲਾਈ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਏਡੀਸੀ ਅਨੁਪ੍ਰਿਤਾ ਜੌਹਲ, ਡੀਐੱਫਐੱਸਓ ਬਲਜੀਤ ਸਿੰਘ ਤੇ ਸਮੂਹ ਗੈਸ ਏਜੰਸੀਆਂ ਦੇ ਡੀਲਰਜ਼ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਖ਼ਪਤਕਾਰ ਗੈਸ ਏਜੰਸੀ ਦੇ ਨਿਰਧਾਰਿਤ ਗੋਦਾਮ ਤੋਂ ਖੁਦ ਸਿਲੰਡਰ ਦੀ ਡਿਲੀਵਰੀ ਲੈਂਦਾ ਹੈ ਤਾਂ ਉਹ ਰਿਬੇਟ (ਛੋਟ) ਦਾ ਹੱਕਦਾਰ ਹੈ। ਘਰਾਂ ਵਿੱਚ ਡਿਲੀਵਰੀ ਦੇ ਮੁਕਾਬਲੇ ਗੁਦਾਮ ਤੋਂ ਸਿਲੰਡਰ ਲੈਣਾ ਖਪਤਕਾਰਾਂ ਲਈ ਸਸਤਾ ਪੈਂਦਾ ਹੈ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਜਾਣਕਾਰੀ ਜਨਤਕ ਕੀਤੀ ਜਾਵੇ, ਤਾਂ ਜੋ ਲੋਕ ਇਸ ਦਾ ਲਾਭ ਲੈ ਸਕਣ। ਡੀਸੀ ਨਵਜੋਤ ਕੌਰ ਨੇ ਗੈਸ ਬੁਕਿੰਗ ਦੇ ਨਿਯਮਾਂ ਬਾਰੇ ਦੱਸਿਆ ਕਿ ਪੇਂਡੂ ਖੇਤਰ ਦੇ ਗੈਸ ਖਪਤਕਾਰ 45 ਦਿਨਾਂ ਦੇ ਵਕਫ਼ੇ ਬਾਅਦ ਗੈਸ ਬੁੱਕ ਕਰਵਾ ਸਕਦੇ ਹਨ, ਜਦਕਿ ਸ਼ਹਿਰੀ ਖੇਤਰਾਂ ਦੇ ਖ਼ਪਤਕਾਰਾਂ ਲਈ ਇਹ ਸਮਾਂ ਸੀਮਾ 25 ਦਿਨ ਨਿਰਧਾਰਿਤ ਕੀਤੀ ਹੈ। ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਲਾਭਪਾਤਰੀਆਂ ਲਈ ਵੀ 45 ਦਿਨਾਂ ਬਾਅਦ ਹੀ ਬੁਕਿੰਗ ਦੀ ਸਹੂਲਤ ਉਪਲੱਬਧ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਕਰਨ ਵਾਲੇ ਖਪਤਕਾਰਾਂ ਨੂੰ ਗੈਸ ਕੰਪਨੀਆਂ ਵੱਲੋਂ ਰਜਿਸਟਰਡ ਮੋਬਾਈਲ ਨੰਬਰ ’ਤੇ ਇਕ ਸੁਨੇਹਾ ਭੇਜਿਆ ਜਾਂਦਾ ਹੈ। ਇਸ ਮੈਸੇਜ ਵਿੱਚ ਡਿਲੀਵਰੀ ਨਾਲ ਸਬੰਧਤ ਸਾਰੇ ਵੇਰਵੇ ਦਰਜ ਹੁੰਦੇ ਹਨ। ਉਨ੍ਹਾਂ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਡਿਲੀਵਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ’ਚ ਜ਼ਿਲ੍ਹੇ ਦੀਆਂ ਸਮੂਹ ਗੈਸ ਏਜੰਸੀਆਂ ਦੇ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਸਹੂਲਤ ਸਰਕਾਰ ਦੀ ਮੁੱਖ ਤਰਜੀਹ ਹੈ ਤੇ ਇਸ ਵਿਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।