ਬਸੰਤ ਪੰਚਮੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਨਾ ਵਰਤਣ ਨੌਜਵਾਨ : ਡੀਸੀ
ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ
Publish Date: Wed, 21 Jan 2026 07:24 PM (IST)
Updated Date: Thu, 22 Jan 2026 04:10 AM (IST)

-ਕਿਹਾ, ਚਾਈਨਾ ਡੋਰ ਮਨੁੱਖਾਂ ਤੇ ਪਸ਼ੂ-ਪੰਛੀਆਂ ਲਈ ਬੇਹੱਦ ਨੁਕਸਾਨਦਾਇਕ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਭਰ ਵਿੱਚ ਦੁਕਾਨਾਂ ’ਤੇ ਪਤੰਗਾਂ ਤੇ ਡੋਰਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਬੱਚੇ, ਨੌਜਵਾਨ ਅਤੇ ਵੱਡੀ ਉਮਰ ਦੇ ਵਿਅਕਤੀ ਵੀ ਪਤੰਗ ਉਡਾਉਣ ’ਚ ਉਤਸ਼ਾਹ ਦਿਖਾਉਂਦੇ ਹਨ ਅਤੇ ਲਗਾਤਾਰ ਲੋਕ ਇਹ ਪਤੰਗ ਖਰੀਦ ਰਹੇ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਜਿੱਥੇ ਇਹ ਚਾਈਨਾ ਡੋਰ ਨਾ ਵੇਚੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਨਗਰ ਕੌਂਸਲ ਵੱਲੋਂ ਛੋਟੇ ਹਾਥੀ ‘ਤੇ ਲੋਕਾਂ ਨੂੰ ਚਾਈਨਾ ਡੋਰ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ। ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪਤੰਗਾਂ ਤੇ ਡੋਰਾਂ ਵੇਚਣ ਵਾਲੇ ਇਕ ਦੁਕਾਨਦਾਰ ਨੇ ਦੱਸਿਆ ਕਿ ਚਾਈਨਾ ਡੋਰ ਖ਼ਤਰਨਾਕ ਹੈ ਅਤੇ ਇਸ ਨੂੰ ਨਾ ਤਾਂ ਦੁਕਾਨਦਾਰਾਂ ਵੱਲੋਂ ਵੇਚਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਇਸ ਦੀ ਵਰਤੋ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਆਮ ਡੋਰ ਵੇਚੀ ਜਾ ਰਹੀ ਹੈ ਅਤੇ ਪਤੰਗਾਂ ਨੌਜਵਾਨ ਤੇ ਬੱਚੇ ਖਰੀਦ ਕੇ ਲਿਜਾ ਰਹੇ ਹਨ। ਇਸ ਮੌਕੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਕਦੇ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਸੰਤ ਪੰਚਮੀ ਨੂੰ ਖਤਰਨਾਕ ਡੋਰ ਨਾਲ ਪਤੰਗਾਂ ਅਸਮਾਨ ਵਿੱਚ ਨਹੀਂ ਚੜ੍ਹਾਈਆਂ ਜਾਣੀਆਂ ਚਾਹੀਦੀਆਂ। ਉਨ੍ਹਾਂ ਨੇ ਮੰਗ ਕੀਤੀ ਕਿ ਦੁਕਾਨਾਂ ‘ਤੇ ਚੈਕਿੰਗ ਕੀਤੀ ਜਾਵੇ ਤਾਂ ਜੋ ਚਾਈਨਾ ਡੋਰ ਦੀ ਵਿਕਰੀ ‘ਤੇ ਰੋਕ ਲੱਗੇ। -ਪਤੰਗ ਉਡਾਉਣ ਲਈ ਆਮ ਡੋਰ ਦੀ ਹੀ ਕੀਤੀ ਜਾਵੇ ਵਰਤੋਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਤੰਗ ਉਡਾਉਣ ਲਈ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚਾਇਨਾ ਡੋਰ ਮਨੁੱਖੀ ਜਾਨ, ਪੰਛੀਆਂ ਤੇ ਪਸ਼ੂਆਂ ਲਈ ਬੇਹੱਦ ਘਾਤਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪ੍ਰੀਵੈਨਸ਼ਨ ਆਫ਼ ਕਰੂਐਲਟੀ ਟੂ ਐਨੀਮਲ ਐਕਟ 1960 ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ ਤੇ ਪਾਬੰਦੀ ਦੇ ਹੁਕਮ ਲਗਾਏ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਭ ਵਲੋਂ ਸਮਾਜਿਕ ਫਰਜ਼ ਨਿਭਾਉਂਦੇ ਹੋਏ ਚਾਇਨਾ ਡੋਰ ਦੀ ਵਰਤੋਂ ਅਤੇ ਵਿਕਰੀ ਬੰਦ ਕੀਤੀ ਜਾਵੇ, ਕਿਉਂਕਿ ਇਸ ਨਾਲ ਮਨੁੱਖਾਂ ਅਤੇ ਪਸ਼ੂ ਪੰਛੀਆਂ ਨਾਲ ਗੰਭੀਰ ਹਾਦਸੇ ਵਾਪਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।