ਦੋਦੜਾ ਤੋਂ ਬੋੜਾਵਾਲ ਤੱਕ ਸੜਕ 18 ਫੁੱਟ ਚੌੜੀ ਕਰਨ ਦੀ ਮੰਗ
ਦੋਦੜਾ ਤੋਂ ਬੋੜਾਵਾਲ ਤੱਕ ਸੜਕ
Publish Date: Sat, 21 Mar 2026 06:35 PM (IST)
Updated Date: Sun, 22 Mar 2026 04:11 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ ਦੋਦੜਾ ਦੀ ਸੇਵਾਦਾਰਾਂ ਵੱਲੋਂ ਬੋੜਾਵਾਲ ਤੋਂ ਬੀਰੋਕੇ ਕਲਾਂ ਦੀ ਖ਼ਸਤਾ ਹਾਲਤ ਸੜਕ ਦੇ ਟੋਏ ਭਰਨ ਲਈ ਕਾਫ਼ੀ ਸਮੇਂ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅਗਲੇ ਦਿਨਾਂ ਵਿੱਚ ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ ਦੋਦੜਾ ਵਿਖੇ ਧਾਰਮਿਕ ਸਮਾਗਮ ਸ਼ੁਰੂ ਹੋਣ ਵਾਲ਼ੇ ਹਨ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਆਪਣੀ ਹਾਜ਼ਰੀ ਭਰਦੀ ਹੈ। ਇਹ ਸੜਕ 2 ਧਾਰਮਿਕ ਸਥਾਨਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਬੀਰੋਕੇ ਕਲਾਂ ਅਤੇ ਬ੍ਰਹਮ ਬੁੰਗਾ ਸਾਹਿਬ ਦੋਦੜਾ ਨੂੰ ਜਾਂਦੀ ਹੈ, ਜਿਸ ਕਾਰਨ ਇਸ ਤੋਂ ਸੈਂਕੜੇ ਵਾਹਨ ਰੋਜ਼ਾਨਾ ਲੰਘਦੇ ਹਨ। ਇਹ ਸੜਕ ਬੁਢਲਾਡਾ-ਭੀਖੀ ਮੁੱਖ ਮਾਰਗ ਨੂੰ ਸੁਨਾਮ ਬੁਢਲਾਡਾ ਰੋਡ ਨੂੰ ਦੋਦੜਾ ਵਿਖੇ ਜਾ ਕੇ ਮਿਲਦੀ ਹੈ ਅਤੇ ਇਹ ਅੱਗੇ ਰੱਤਾਖੇੜਾ ਜਾ ਕੇ ਸੰਗਰੂਰ ਜ਼ਿਲ੍ਹੇ ਨੂੰ ਮਿਲਦੀ ਹੈ, ਜਿੱਥੋਂ 18 ਫੁੱਟ ਸੜਕ ਸ਼ੁਰੂ ਹੋ ਜਾਂਦੀ ਹੈ। ਇਸ ਸੜਕ ਰਾਹੀਂ ਦੋਦੜਾ, ਬੀਰੋਕੇ ਕਲਾਂ, ਬੱਛੋਆਣਾ, ਭਾਦੜਾ, ਗੁੜੱਦੀ, ਹੀਰੋਂ ਖੁਰਦ, ਖੀਵਾ ਮੀਹਾਂ ਸਿੰਘ ਵਾਲ਼ਾ, ਰੱਤਾਖੇੜਾ, ਕਣਕਵਾਲ਼ ਚਹਿਲਾਂ ਆਦਿ ਦਰਜਨਾਂ ਪਿੰਡਾਂ ਦੇ ਲੋਕ ਮਾਨਸਾ, ਬਠਿੰਡਾ, ਤਲਵੰਡੀ, ਸਰਦੂਲਗੜ , ਝੁਨੀਰ, ਭੀਖੀ, ਬਰਨਾਲਾ, ਲੁਧਿਆਣਾ, ਚੰਡੀਗੜ ਜਾਂਦੇ ਹਨ, ਪਰੰਤੂ ਸੜਕ ਦੀ ਹਾਲਤ ਖਸਤਾ ਅਤੇ ਸੜਕ ਸਿਰਫ਼ 9 ਫੁੱਟ ਚੌੜੀ ਹੋਣ ਕਾਰਨ ਰਾਹਗੀਰਾਂ ਨੂੰ ਬੇਹੱਦ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਘੱਟ ਚੌੜੀ ਤੇ ਹਾਲਤ ਖਸਤਾ ਹੋਣ ਕਾਰਨ ਹਾਦਸਿਆਂ ਦੇ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਖ਼ਰਾਬ ਮੌਸਮ ਵਿੱਚ ਅਤੇ ਬੁੰਗਾ ਸਾਹਿਬ ਦੇ ਸਮਾਗਮਾਂ ਦੌਰਾਨ ਸੰਗਤ ਬੇਹੱਦ ਪੇ੍ਸ਼ਾਨ ਹੁੰਦੀ ਹੈ । ਬੋੜਾਵਾਲ ਤੋਂ ਦੋਦੜਾ ਤੱਕ ਤਾਂ ਸੜਕ ਘੱਟ ਚੌੜੀ ਦੇ ਨਾਲ਼ ਸੜਕ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਬੀਰੋਕੇ ਕਲਾਂ ਤੋਂ ਦੋਦੜਾ ਤੱਕ ਸੜਕ ਘੱਟ ਚੌੜੀ ਹੈ । ਇਹਨਾਂ ਸਾਰੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ 2 ਧਾਰਮਿਕ ਸਥਾਨਾਂ ਦੇ ਸ਼ਰਧਾਲੂਆਂ ਅਤੇ 2 ਜ਼ਿਲ੍ਹਿਆਂ ਦੇ ਆਪਸੀ ਸੰਪਰਕ ਮਾਰਗ ਨੂੰ ਧਿਆਨ ਵਿੱਚ ਰੱਖਦਿਆਂ ਬੋੜਾਵਾਲ ਤੋਂ ਦੋਦੜਾ ਤੱਕ ਸੜਕ ਦੁਬਾਰਾ 18 ਫੁੱਟ ਚੌੜੀ ਬਣਾਈ ਜਾਵੇ ਤਾਂ ਕਿ ਆਵਾਜਾਈ ਦੀ ਕੋਈ ਸਮੱਸਿਆ ਨਾ ਆਵੇ। ਲੋਕਾਂ ਨੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਇਹ ਸੜਕ ਨਵੇਂ ਸਿਰੇ ਤੋਂ 18 ਫੁੱਟ ਚੌੜੀ ਬਣਾਈ ਜਾਵੇ।