- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸਬਾ ਝੁਨੀਰ ਜੋ ਕਿ ਕਿਸੇ ਸਮੇਂ ਸਭ ਡਿਵੀਜ਼ਨ

-ਕਸਬਾ ਝੁਨੀਰ ਨੂੰ ਮਾਰਕੀਟ ਕਮੇਟੀ ਬਣਾਉਣ ਦੀ ਮੰਗ ਨੇ ਫੜਿਆ ਜ਼ੋਰ
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਕਸਬਾ ਝੁਨੀਰ ਨੂੰ ਮਾਰਕੀਟ ਕਮੇਟੀ ਬਣਾਉਣ ਦੀ ਮੰਗ ਨੇ ਜ਼ੋਰ ਫੜ੍ਹਿਆ ਹੋਇਆ ਹੈ। ਇੱਥੇ ਜ਼ਿਕਰਯੋਗ ਹੈ ਕਿ ਕਸਬਾ ਝੁਨੀਰ ਕਿਸੇ ਸਮੇਂ ਸਬ ਡਵੀਜ਼ਨ ਹੋਇਆ ਕਰਦੀ ਸੀ। ਕਾਂਗਰਸ ਸਰਕਾਰ ਦੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਝੁਨੀਰ ਨੂੰ ਸਬ ਡਿਵੀਜ਼ਨ ਦਾ ਤੋਹਫ਼ਾ ਦਿੱਤਾ ਸੀ ਤੇ ਤਕਰੀਬਨ 9 ਮਹੀਨੇ ਇਹ ਸਬ ਡਵੀਜ਼ਨ ਝੁਨੀਰ ਵਿਖੇ ਚੱਲਦੀ ਰਹੀ। ਫ਼ਿਰ ਸਿਆਸਤ ਦੀ ਭੇਂਟ ਚੜ੍ਹ ਗਈ ਅਤੇ ਉਸ ਬਾਅਦ ਝੁਨੀਰ ਇਲਾਕੇ ਵੱਲ ਕਿਸੇ ਵੀ ਸਰਕਾਰ ਤੇ ਕਿਸੇ ਵੀ ਸਿਆਸੀ ਲੀਡਰ ਨੇ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ।
ਲੋਕਾਂ ਨੇ ਕਿਹਾ ਕਿ ਝੁਨੀਰ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਆ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਭਗਵੰਤ ਸਿੰਘ ਮਾਨ ਤੋਂ ਝੁਨੀਰ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਆਸ ਬੱਝੀ ਹੈ। ਭਵਿੱਖ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਝੁਨੀਰ ਇਲਾਕੇ ਵਿੱਚ ਫ਼ੇਰੀ ਹੈ। ਇਸ ਨੂੰ ਲੈ ਕਿਆਸ ਅਰਾਈਆਂ ਸ਼ੁਰੂ ਹੋ ਚੁੱਕੀਆਂ ਹਨ ਕਿ ਕਸਬਾ ਝਨੀਰ ਨੂੰ ਮਾਰਕੀਟ ਕਮੇਟੀ ਅਤੇ ਮੁਕੰਮਲ ਮੰਡੀ ਚਲਾਇਆ ਜਾਵੇ। ਮਾਰਕੀਟ ਕਮੇਟੀ ਦੀਆਂ ਸਾਰੀਆਂ ਸ਼ਰਤਾਂ ਕਸਬਾ ਝੁਨੀਰ ਪੂਰੀਆਂ ਕਰਦਾ ਹੈ। ਦਾਣਾ ਮੰਡੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਆ ਰਹੀ ਹੈ ਤੇ ਹਰ ਪ੍ਰਬੰਧ ਇੱਥੇ ਹਨ। ਸਿਰਫ਼ ਮਾਰਕੀਟ ਕਮੇਟੀ ਨਾ ਬਣਨ ਕਾਰਨ ਅਤੇ ਨਰਮੇ ਕਪਾਹ ਦੀ ਬੋਲੀ ਨਾ ਹੋਣ ਕਾਰਨ ਇਲਾਕੇ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਬਾ ਝੁਨੀਰ ਸੈਂਟਰ ਵਿੱਚ ਪੈਂਦਾ ਹੈ ਤੇ 30-40 ਪਿੰਡ ਇਸ ਨਾਲ ਜੁੜੇ ਹੋਏ ਹਨ। ਇਸ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਾਰਕੀਟ ਕਮੇਟੀ ਬਣਨ ਨਾਲ ਅਤੇ ਅਨਾਜ ਮੰਡੀ ਮੁਕੰਮਲ ਚੱਲਣ ਨਾਲ ਜ਼ਿਆਦਾ ਫ਼ਾਇਦਾ ਮਿਲੇਗਾ। ਕਿਸਾਨ ਆਗੂ ਬਲਕਾਰ ਸਿੰਘ ਚਹਿਲ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਨਰਮੇ ਤੇ ਕਪਾਹ ਦੀ ਫ਼ਸਲ ਦਾਣਾ ਮੰਡੀ ਮਾਨਸਾ ਵਿਖੇ ਲਿਜਾਣਾ ਪੈਂਦਾ ਹੈ। ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਸ਼ਹਿਰ ਆਉਣਾ-ਜਾਣਾ ਪੈ ਰਿਹਾ ਹੈ ਅਤੇ ਵਾਧੂ ਦਾ ਖਰਚਾ ਪੈ ਰਿਹਾ ਹੈ। ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਨੂੰ ਮੁਕੰਮਲ ਮੰਡੀ ਚਲਾਉਣ ਅਤੇ ਮਾਰਕੀਟ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਉੱਥੇ ਦਾ ਉੱਥੇ ਧਰਿਆ ਰਹਿ ਗਿਆ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿਆਸੀ ਪਾਰਟੀਆਂ ਦੇ ਆਗੂ ਵੱਡੀ ਪੱਧਰ ਤੇ ਝੁਨੀਰ ਇਲਾਕੇ ਦੇ ਵੋਟਰਾਂ ਨਾਲ ਵਾਅਦਾ ਕਰ ਲੈਂਦੇ ਸਨ। ਪਰ ਸਰਕਾਰ ਬਣਨ ਸਾਰ ਇਹ ਆਪਣਾ ਵਾਅਦਾ ਭੁੱਲ ਜਾਂਦੇ ਹਨ। ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਸਬਾ ਝਨੀਰ ਦੀ ਮੰਡੀ ਮੁਕੰਮਲ ਚਲਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ। ਵਪਾਰੀ ਆਗੂ ਨੋਹਰ ਚੰਦ ਤਾਇਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਬਣਨ ਨਾਲ ਤੇ ਮੁਕੰਮਲ ਮੰਡੀ ਚੱਲਣ ਨਾਲ ਕਸਬਾ ਝਨੀਰ ਦਾ ਵਿਕਾਸ ਹੋਵੇਗਾ ਕਿਉਂਕਿ ਝੁਨੀਰ ਨੂੰ 40 ਪਿੰਡ ਪੈਂਦੇ ਹਨ। ਇਸ ਦਾ ਦਿਨੋ ਦਿਨ ਸ਼ਹਿਰੀਕਰਨ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਸਬਾ ਝੁਨੀਰ ਨੂੰ ਸਬ ਡਿਵੀਜ਼ਨ ਦਾ ਦਰਜਾ ਦਿੱਤਾ ਜਾਵੇ ਤੇ ਇੱਥੇ ਨਾਲ ਦੀ ਨਾਲ ਹੀ ਲੜਕੀਆਂ ਦਾ ਕਾਲਜ ਬਣਾਇਆ ਜਾਵੇ ਕਿਉਂਕਿ ਲੜਕੀਆਂ ਨੂੰ ਦੂਰ ਦੁਰਾਡੇ ਵੱਡੇ ਸ਼ਹਿਰਾਂ ‘ਚ ਜਾਣਾ ਪੈਂਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਮਾਰਕੀਟ ਕਮੇਟੀ ਜਲਦ ਚਲਾਈ ਜਾਵੇ ਤਾਂ ਜੋ ਝੁਨੀਰ ਦਾ ਵਿਕਾਸ ਹੋਰ ਹੋ ਸਕੇ। ਕਸਬਾ ਝਨੀਰ ਦੇ ਮੌਜੂਦਾ ਸਰਪੰਚ ਜਗਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਕਸਬਾ ਝਨੀਰ ਦੀ ਮਾਰਕੀਟ ਕਮੇਟੀ ਅਤੇ ਅਨਾਜ ਮੰਡੀ ਮੁਕੰਮਲ ਚਲਾਉਣ ਦੀ ਗੱਲ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਧਿਆਨ ’ਚ ਲਿਆਂਦੀ ਹੈ। ਆਸ ਹੈ ਕਿ ਬਹੁਤ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਇਹ ਮੰਗ ਕੀਤੀ ਜਾਵੇਗੀ ਤਾਂ ਜੋ ਜਲਦ ਮਾਰਕੀਟ ਕਮੇਟੀ ਤੇ ਦਾਣਾ ਮੰਡੀ ਮੁਕੰਮਲ ਚਲਾਈ ਜਾਵੇ।