ਬੀਡੀਪੀਓ ਝੁਨੀਰ ਨੂੰ ਦਿੱਤਾ ਮੰਗ ਪੱਤਰ
ਸੰਘਰਸ਼ ਕਮੇਟੀ ਤਲਵੰਡੀ ਅਕਲੀਆ
Publish Date: Mon, 12 Jan 2026 06:17 PM (IST)
Updated Date: Tue, 13 Jan 2026 04:09 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਵੱਲੋਂ ਬੀਡੀਪੀਓ ਝੁਨੀਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪ੍ਰਧਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਜੇਐਸਡਬਲਿਊ ਸੀਮਿੰਟ ਲਿਮਟਿਡ ਵੱਲੋਂ ਤਜਵੀਜ਼ਤ ਸੀਮਿੰਟ ਫ਼ੈਕਟਰੀ ਲਈ ਪਿੰਡ ਤਲਵੰਡੀ ਅਕਲੀਆ ਅਤੇ ਕਰਮਗੜ੍ਹ ਔਤਾਂਵਾਲੀ ਦੇ ਰਕਬੇ ਵਿੱਚ ਖ਼ਰੀਦ ਕੀਤੀ ਜ਼ਮੀਨ ਵਿੱਚੋਂ ਇੱਕ ਪਹੀ ਲੰਘਦੀ ਹੈ, ਜਿਸਦੀ ਮਾਲਕੀ ਜੁਮਲਾ ਮੁਸਤਰਕਾ ਮਾਲਕਾਂ, ਕਰਮਗੜ੍ਹ ਉਰਫ਼ ਔਤਾਂਵਾਲੀ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਦੀ ਹੈ, ਜਿਸਨੂੰ ਵੇਚਣ ਲਈ ਕੰਪਨੀ ਵੱਲੋਂ ਪੰਚਾਇਤ ਵਿਭਾਗ ਰਾਹੀਂ ਉਕਤ ਪਿੰਡ ਦੀ ਪੰਚਾਇਤ ਤੇ ਦਬਾਅ ਪਾਇਆ ਜਾ ਰਿਹਾ ਹੈ, ਜੋ ਪੰਚਾਇਤਾਂ ਤੇ ਲੋਕਾਂ ਦੇ ਅਧਿਕਾਰਾਂ ਦੀ ਅਣਦੇਖੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੀ ਕੋਈ ਵੀ ਕਾਰਵਾਈ ਨੂੰ ਅਮਲ ਵਿਚ ਨਾ ਲਿਆਂਦਾ ਜਾਵੇ, ਜਿਸ ਨਾਲ ਲੋਕ ਮਨਾਂ ਨੂੰ ਠੇਸ ਪਹੁੰਚੇ। ਸੰਘਰਸ਼ ਕਮੇਟੀ ਵੱਲੋਂ ਵੱਲੋਂ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਤਜਵੀਜਤ ਜੇਐਸਡਬਲਿਊ ਸੀਮਿੰਟ ਫੈਕਟਰੀ ਨੂੰ ਰੱਦ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। 14 ਜੁਲਾਈ 2025 ਨੂੰ ਹੋਈ ਜਨਤਕ ਸੁਣਵਾਈ ਵਿੱਚ ਕੰਪਨੀ ਨੂੰ 300 ਦੇ ਕਰੀਬ ਸਵਾਲ ਕੀਤੇ ਗਏ। ਜਿੰਨ੍ਹਾਂ ਵਿੱਚੋਂ ਕੰਪਨੀ ਵੱਲੋਂ ਇੱਕ ਵੀ ਸਵਾਲ ਦਾ ਕੋਈ ਢੁੱਕਵਾਂ ਜਵਾਬ ਨਹੀ ਦਿੱਤਾ ਗਿਆ। EIA ਦੀ ਰਿਪੋਰਟ ਤੱਥਾਂ ਤੋਂ ਉਲਟ ਪੇਸ਼ ਕੀਤੀ। ਇਹ ਸੀਮਿੰਟ ਪਲਾਂਟ ਲਗਭਗ 50 ਪਿੰਡਾਂ ਨੂੰ ਵਾਤਾਵਰਨ ਪੱਖੋਂ ਪ੍ਰਭਾਵਿਤ ਕਰੇਗਾ।
ਇਸ ਤੋਂ ਪਹਿਲਾਂ ਹੀ ਅਸੀਂ ਥਰਮਲ ਪਲਾਂਟ (ਬਣਾਂਵਾਲੀ) ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਾਂ ਅਤੇ ਸਾਡੇ ਇਲਾਕੇ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੀ ਮਾਰ ਝੱਲ ਰਿਹਾ ਹੈ। 14 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਲਗਭਗ 5000 ਲੋਕਾਂ ਦੇ ਇਕੱਠ ਨੇ ਫੈਕਟਰੀ ਲਗਾਉਣ ਦੀ ਤਜਵੀਜ਼ ਨੂੰ ਮੁੱਢੋਂ ਨਾਕਾਰ ਦਿੱਤਾ ਸੀ। ਯਾਦ ਰਹੇ ਕਿ ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਪਿੰਡ ਤਲਵੰਡੀ ਅਕਲੀਆਂ ਨੇ ਵੋਟਾਂ ਦਾ ਮੁਕੰਮਲ ਬਾਈਕਾਟ ਕੀਤਾ ਸੀ। ਜੇਕਰ ਸਰਕਾਰ ਵੱਲੋਂ ਫੈਕਟਰੀ ਨੂੰ ਰੱਦ ਨਹੀ ਕੀਤਾ ਜਾਂਦਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਹਾਜ਼ਰ ਮੈਂਬਰ ਅਮਰੀਕ ਵੈਦ, ਐਡਵੋਕੇਟ ਜਸਵਿੰਦਰ ਸਿੰਘ, ਮਨਪ੍ਰੀਤ ਸੈਕਟਰੀ, ਅਮ੍ਰਿੰਤਪਾਲ ਸਿੰਘ, ਪ੍ਰਗਟ ਸਿੰਘ ਪੀ.ਟੀ., ਮਨਪ੍ਰੀਤ ਸਿੰਘ ਗੱਗੀ, ਪ੍ਰਧਾਨ ਸੁਖਦੀਪ ਸਿੰਘ, ਖੁਸ਼ਵੀਰ ਸਿੰਘ ਮੀਡੀਆ ਇੰਚਾਰਜ ਆਦਿ ਹਾਜ਼ਰ ਰਹੇ।