ਯਾਤਰੀਆਂ ਦੀ ਸੁਰੱਖਿਆ ਲਈ ਜੀਆਰਪੀ ਦਫ਼ਤਰ ਦੀ ਮੰਗ
ਮਾਨਸਾ ਰੇਲਵੇ ਸਟੇਸ਼ਨ ‘ਤੇ ਯਾਤਰੀਆਂ
Publish Date: Mon, 02 Mar 2026 06:16 PM (IST)
Updated Date: Tue, 03 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਜਨਰਲ ਰੇਲਵੇ ਪੁਲਿਸ (ਜੀਆਰਪੀ) ਨੂੰ ਉਚਿੱਤ ਦਫ਼ਤਰ ਸਥਾਨ ਅਲਾਟ ਕਰਨ ਦੀ ਮੰਗ ਕੀਤੀ ਹੈ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਅਗਰਾ ਵੱਲੋਂ ਇਸ ਸਬੰਧੀ ਦਿੱਲੀ ਮੰਡਲ ਦੇ ਮੰਡਲ ਰੇਲਵੇ ਪ੍ਰਬੰਧਕ (ਡੀਆਰਐੱਮ) ਨੂੰ ਪੱਤਰ ਭੇਜਿਆ ਗਿਆ ਹੈ। ਮਾਨਸਾ ਰੇਲਵੇ ਸਟੇਸ਼ਨ ਇਸ ਸਮੇਂ ਅੰਮ੍ਰਿਤ ਭਾਰਤ ਯੋਜਨਾ ਤਹਿਤ ਦੁਆਰਾ ਵਿਕਾਸ ਅਧੀਨ ਹੈ ਅਤੇ ਇਹ ਇਕ ਰੁੱਝਿਆ ਹੋਇਆ ਸਟੇਸ਼ਨ ਹੈ, ਜਿੱਥੇ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਰੇਲ ਗੱਡੀਆਂ ਦੀ ਉਡੀਕ ਕਰਨੀ ਪੈਂਦੀ ਹੈ। ਹਾਲੀਆ ਦਿਨਾਂ ਵਿੱਚ ਸਟੇਸ਼ਨ ‘ਤੇ ਮੋਬਾਈਲ ਖੋਹਣ, ਚੋਰੀ ਅਤੇ ਜੇਬ ਕਟਾਈ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ। ਇਸ ਨਾਲ ਯਾਤਰੀਆਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ਅਤੇ ਆਸ ਪਾਸ ਦੇ ਇਲਾਕੇ ਵਿੱਚ ਨਸ਼ੇ ਦੀ ਸਮੱਸਿਆ ਵੀ ਗੰਭੀਰ ਹੈ, ਜਿਸ ਕਾਰਨ ਸਮਾਜ ਵਿਰੋਧੀ ਤੱਤ ਗੈਰ ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਰਹਿੰਦੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਨਰਲ ਰੇਲਵੇ ਪੁਲਿਸ (ਜੀਆਰਪੀ), ਪੰਜਾਬ ਪੁਲਿਸ ਦੀ ਇੱਕ ਮਹੱਤਵਪੂਰਨ ਸ਼ਾਖਾ (ਵਿੰਗ) ਹੈ, ਜੋ ਰੇਲਵੇ ਪਰਿਸਰ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ। ਪਰ ਪਲੇਟਫ਼ਾਰਮ ‘ਤੇ ਉਚਿਤ ਦਫ਼ਤਰ ਨਾ ਹੋਣ ਕਾਰਨ ਪੁਲਿਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਅਤੇ ਤੁਰੰਤ ਕਾਰਵਾਈ ਪ੍ਰਭਾਵਿਤ ਹੋ ਰਹੀ ਹੈ। ਜਤਿੰਦਰ ਅਗਰਾ ਨੇ ਮੰਗ ਕੀਤੀ ਕਿ ਪਲੇਟਫ਼ਾਰਮ ਨੰਬਰ. 1 ‘ਤੇ ਜੀਆਰਪੀ ਲਈ ਉਚਿਤ ਦਫ਼ਤਰ ਸਥਾਨ, ਟਿਕਟ ਘਰ (ਬੁਕਿੰਗ ਵਿੰਡੋ) ਦੇ ਨੇੜੇ ਜਾਂ ਪੁਰਾਣੀ ਇਮਾਰਤ ਵਿੱਚ ਅਲਾਟ ਕੀਤਾ ਜਾਵੇ ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਅਪਰਾਧਿਕ ਘਟਨਾਵਾਂ ‘ਤੇ ਰੋਕ ਲੱਗੇ। ਉਨ੍ਹਾਂ ਆਸ ਪ੍ਰਗਟਾਈ ਕਿ ਰੇਲਵੇ ਪ੍ਰਸ਼ਾਸਨ ਇਸ ਜਨ-ਹਿਤੀ ਮਸਲੇ ‘ਤੇ ਜਲਦੀ ਕਾਰਵਾਈ ਕਰੇਗਾ।