ਅਪਰਾਧੀਆਂ ਵਿਰੁੱਧ ਆਪ੍ਰੇਸ਼ਨ ਪ੍ਰਹਾਰ 2.0 ਤਹਿਤ ਚਲਾਇਆ ਸਰਚ ਅਭਿਆਨ
ਅਪਰਾਧੀਆਂ ਵਿਰੁੱਧ ਆਪ੍ਰੇਸ਼ਨ
Publish Date: Mon, 09 Feb 2026 07:19 PM (IST)
Updated Date: Tue, 10 Feb 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅਪਰਾਧੀਆਂ ਵਿਰੁੱਧ ਆਪ੍ਰੇਸ਼ਨ ਪ੍ਰਹਾਰ 2.0 ਤਹਿਤ ਮਾਨਸਾ ਜ਼ਿਲ੍ਹੇ ’ਚ ਵੀ ਸਰਚ ਅਭਿਆਨ ਚਲਾਇਆ ਗਿਆ। ਡੀਆਈਜੀ ਰੇਂਜ ਬਠਿੰਡਾ ਹਰਜੀਤ ਸਿੰਘ ਦੀ ਰਹਿਨੁਮਾਈ ਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਵਿੱਚ ਸੋਮਵਾਰ ਨੂੰ ਰੇਲਵੇ ਸਟੇਸ਼ਨ ਮਾਨਸਾ ਤੇ ਹੋਰਨਾਂ ਥਾਵਾਂ ’ਤੇ ਚੈਕਿੰਗ ਕੀਤੀ ਗਈ। ਡੀਆਈਜੀ ਰੇਂਜ ਬਠਿੰਡਾ ਹਰਜੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਪ੍ਰਹਾਰ 2.0 ਚਲਾਇਆ ਗਿਆ ਹੈ। ਇਸ ਦੇ ਪਹਿਲਾਂ ਪ੍ਰਹਾਰ 1.0 ਕੀਤਾ ਗਿਆ ਸੀ। ਉਸ ਦੌਰਾਨ ਮਾਨਸਾ ਜ਼ਿਲ੍ਹੇ ਵਿਚ ਵੱਡੀ ਗਿਣਤੀ ’ਚ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਅੱਜ ਵੀ 65 ਦੇ ਕਰੀਬ ਵਿਅਕਤੀ ਜਿੰਨ੍ਹਾਂ ਦਾ ਸਬੰਧ ਅਪਰਾਧਕ ਘਟਨਾਵਾਂ ਨਾਲ ਹੈ, ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਅਪਰੇਸ਼ਨ ਪਰਹਾਰ 2.0 ਤਹਿਤ 02 ਐੱਸਪੀ, 07 ਡੀ.ਐਸ.ਪੀ, 12 ਮੁੱਖ ਅਫ਼ਸਰ , ਇੰਚਾਰਜ ਟੀਮ ਸੀਆਈਏ ਸਟਾਫ਼ ਮਾਨਸਾ, ਇੰਚਾਰਜ ਐਟੀਨਾਰਕੋਟਿਕ ਸੈੱਲ ਸਮੇਤ ਕੁੱਲ 299 ਪੁਲਿਸ ਕਰਮਚਾਰੀ ਤਾਇਨਾਤ ਕਰਕੇ ਜ਼ਿਲ੍ਹੇ ਅੰਦਰ ਗੈਗਸਟਰਾਂ/ਗੈਗਸਟਰਾਂ ਦੇ ਸਹਿਯੋਗੀਆਂ ਅਤੇ ਹੋਰ ਹੀਨੀਅਸ ਕਰਾਈਮ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਅੱਜ ਅਚਨਚੇਤ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਵਾਈ ਗਈ ਹੈ। ਇਸ ਦੇ ਇਲਾਵਾ ਬਜ਼ਾਰਾਂ ਵਿੱਚ ਦੁਕਾਨਾਂ ਆਦਿ ’ਤੇ ਵੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਗੈਰ ਕਾਨੂੰਨੀ ਵਸਤੂਆਂ ਵਿਕਣ ‘ਤੇ ਠੱਲ੍ਹ ਪੈ ਸਕੇ, ਜਦੋਂਕਿ ਸਵੇਰੇ ਤੇ ਸ਼ਾਮ ਨੂੰ ਵੱਖ ਵੱਖ ਜਗ੍ਹਾ ’ਤੇ ਨਾਕਾਬੰਦੀ ਕੀਤੀ ਜਾਵੇਗੀ। ਨਾਕਾਬੰਦੀ ਦੌਰਾਨਾ ਸ਼ਰਾਰਤੀ ਅਨਸਰਾਂ ਜਾਂ ਅਪਰਾਧਕ ਮਾਮਲਿਆਂ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇਗਾ। ਨਸ਼ਾ ਤਸਕਰਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ‘ਯੁੱਧ ਨਸ਼ਿਆਂ ਵਿਰੁੱਧ’ ਜਿਹੜੀ ਮੁਹਿੰਮ ਚੱਲ ਰਹੀ ਹੈ। ਇਸ ਤਹਿਤ ਇਹੀ ਕਹਾਂਗਾ ਕਿ ਉਹ ਅਜਿਹੇ ਮਾੜੇ ਕੰਮ ਛੱਡ ਕੇ ਚੰਗੇ ਪਾਸੇ ਲੱਗਣ ਕਿਉਂਕਿ ਸਰਕਾਰ ਦਾ ਰਵੱਈਆ ਅਤੇ ਪੁਲਿਸ ਦਾ ਐਕਸ਼ਨ ਸਖ਼ਤੀ ਨਾਲ ਲਾਗੂ ਹੋ ਰਿਹਾ ਹੈ। ਜਿਹੜੇ ਵੀ ਅਪਰਾਧੀਆਂ ਵੱਲੋਂ ਗੈਰਕਾਨੂੰਨੀ ਕੰਮਾਂ ਨਾਲ ਪੈਸਾ ਕਮਾਇਆ ਹੈ, ਉਨ੍ਹਾਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਇਨ੍ਹਾਂ ਕੰਮਾਂ ਤੋਂ ਬਾਜ ਆ ਜਾਣਾ ਚਾਹੀਦਾ ਹੈ। ਇਹ ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਵਿੱਚ ਅਲੱਗ ਅਲੱਗ ਜਗ੍ਹਾ ’ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਅੱਜ ਸਵੇਰੇ ਵੀ ਕਈ ਸ਼ੱਕੀ ਵਿਅਕਤੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।