ਸੀ-ਪਾਈਟ ਵੱਲੋਂ ਸਕਿਉਰਟੀ ਗਾਰਡ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਸ਼ੁਰੂ
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ
Publish Date: Wed, 14 Jan 2026 05:44 PM (IST)
Updated Date: Thu, 15 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੂਬਾ ਸਰਕਾਰ ਦੇ ਰੁਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ (ਭੀਖੀ-ਬੁਢਲਾਡਾ ਰੋਡ) ਵਲੋਂ ਨੌਜਵਾਨਾਂ ਨੂੰ ਸਕਿਉਰਟੀ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕੈਂਪ ਬੋੜਾਵਾਲ ਦੇ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਮਿਤੀ 26 ਜਨਵਰੀ ਨੂੰ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ ਚਲਾਇਆ ਜਾਵੇਗਾ। ਇਹ ਟ੍ਰੇਨਿੰਗ ਕੋਰਸ ਕਰਨ ਵਾਸਤੇ ਉਮੀਦਵਾਰ ਨੇ ਘੱਟੋ-ਘੱਟ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਉਮਰ ਸੀਮਾ 21 ਤੋਂ 29 ਸਾਲ ਹੋਣੀ ਚਾਹੀਦੀ ਹੈ । ਇਸ ਕੋਰਸ ਦੀਆਂ ਸੀਟਾਂ ਸੀਮਤ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਰਜਿਸਟ੍ਰੇਸ਼ਨ ਮੁੱਢਲੇ ਆਧਾਰ ਤੇ ਕਰਵਾਉਣ। ਸਕਿਉਰਟੀ ਗਾਰਡ ਟ੍ਰੇਨਿੰਗ ਦਾ ਕੋਰਸ ਪੂਰਾ ਕਰਨ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਸਰਕਾਰੀ ਸੰਸਥਾ, ਅਰਧ-ਸਰਕਾਰੀ ਸੰਸਥਾ, ਵੱਡੀਆਂ ਇੰਡਸਟਰੀਜ਼ ’ਚ ਨੌਕਰੀ ਲੈਣ ਵਾਸਤੇ ਵੈਲਿਡ ਮੰਨਿਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਵੱਖ-ਵੱਖ ਸਕਿਉਰਟੀ ਏਜੰਸੀਆਂ ਕੈਂਪ ਵਿਖੇ ਪਲੇਸਮੈਂਟ ਕੈਂਪ ਲਾਉਣਗੀਆਂ। ਇਸ ਕੋਰਸ ਦੌਰਾਨ ਨੌਜਵਾਨਾਂ ਦੇ ਰਿਹਾਇਸ਼ ਖਾਣ-ਪੀਣ ਦਾ ਖਰਚ ਪੰਜਾਬ ਸਰਕਾਰ ਦਾ ਹੋਵੇਗਾ। ਪੰਜਾਬ ਰਾਜ ਦੇ ਵਸਨੀਕ ਸਕਿਉਰਟੀ ਗਾਰਡ ਟ੍ਰੇਨਿੰਗ ਕੋਰਸ ਕਰਨ ਦੇ ਚਾਹਵਾਨ ਨੌਜਵਾਨ ਮਿਤੀ 15 ਜਨਵਰੀ 2026 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ 10ਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ ਤੇ 02 ਤਾਜ਼ਾ ਪਾਸਪੋਰਟ ਸਾਈਜ ਫੋਟੋ, ਫਾਈਟ ਕਵਰ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ਤੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੈਂਪ ’ਚ ਐੱਸਐੱਸਸੀ (ਜੀਡੀ) ਦੇ ਲਿਖਤੀ ਪੇਪਰ ਦੀ ਤਿਆਰੀ ਚੱਲ ਰਹੀ ਹੈ, ਜਿਨ੍ਹਾਂ ਨੌਜਵਾਨਾਂ ਨੇ ਐਸਐਸਸੀ ਵਿੱਚ ਅਪਲਾਈ ਕੀਤਾ ਹੋਇਆ ਹੈ, ਉਹ ਵੀ ਕੈਂਪ ਆ ਕੇ ਤਿਆਰੀ ਕਰ ਸਕਦੇ ਹਨ ।