ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਅ ਲਈ ਕੰਟਰੋਲ ਰੂਮ ਸਥਾਪਿਤ
ਡਿਪਟੀ ਕਮਿਸ਼ਨਰ ਨਵਜੋਤ ਕੌਰ
Publish Date: Mon, 20 Apr 2026 05:25 PM (IST)
Updated Date: Tue, 21 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਿਜਲੀ ਦੀਆਂ ਢਿੱਲੀਆਂ ਤੇ ਨੀਵੀਆਂ ਤਾਰਾਂ ਅਤੇ ਜੀਓ ਸਵਿੱਚਾਂ ਆਦਿ ਜਿੰਨ੍ਹਾਂ ਤੋਂ ਸਪਾਰਕਿੰਗ ਨਾਲ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਖਦਸ਼ਾ ਹੋ ਸਕਦਾ ਹੈ, ਬਾਰੇ ਸੂਚਨਾ ਤੁਰੰਤ ਨੇੜੇ ਦੇ ਉੱਪ ਮੰਡਲ ਦਫ਼ਤਰ ਜਾਂ ਸ਼ਿਕਾਇਤ ਘਰ ਤੋਂ ਇਲਾਵਾ ਕੰਟਰੋਲ ਰੂਮ ਨੰਬਰ ’ਤੇ ਦਿੱਤੀ ਜਾ ਸਕਦੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਬਿਜਲੀ ਦੀਆਂ ਲਾਈਨਾਂ ਜਾਂ ਤਾਰਾਂ ਦੀ ਸਮੇਂ ਸਿਰ ਦਰੁਸਤੀ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਢਿੱਲੀਆਂ, ਨੀਵੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਵੱਟਸਐਪ ਨੰਬਰ 96461-06836 'ਤੇ ਭੇਜੀਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਕਸੀਅਨ ਪੀਐਸਪੀਸੀਐਲ ਸੁਧੀਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਭਾਗ, ਪੰਜਾਬ ਵੱਲੋਂ ਕਿਸਾਨਾਂ ਲਈ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਕੱਟੀ ਹੋਈ ਕਣਕ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਜਾਂ ਟਰਾਂਸਫਾਰਮਰ ਅਤੇ ਜੀਓ ਸਵਿੱਚ ਦੇ ਨਜ਼ਦੀਕ ਨਾ ਰੱਖੀ ਜਾਵੇ। ਟਰਾਂਸਫਾਰਮਰ ਦੇ ਆਲੇ-ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ। ਖੇਤਾਂ ਵਿਚ ਲੱਗੇ ਟਰਾਂਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ ਤਾਂ ਕਿ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਕਣਕ ਦੇ ਨੇੜੇ ਬੀੜੀ/ਸਿਗਰੇਟ ਦੀ ਵਰਤੋਂ ਨਾ ਕੀਤੀ ਜਾਵੇ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਾ ਛੇੜਿਆ ਜਾਵੇ। ਕਿਸੇ ਅਣ-ਅਧਿਕਾਰਤ ਆਦਮੀ ਨੂੰ ਜੀਓ ਸਵਿੱਚ ਨਾ ਕੱਟਣ ਦਿੱਤਾ ਜਾਵੇ। ਕੱਟੀ ਹੋਈ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ। ਹਾਰਵੈਸਟਰ ਕੰਬਾਈਨ ਸਿਰਫ਼ ਦਿਨ ਵੇਲੇ ਹੀ ਚਲਾਈ ਜਾਵੇ। ਹਾਰਵੈਸਟਰ ਕੰਬਾਈਨ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ 'ਤੇ ਧਿਆਨ ਰੱਖਿਆ ਜਾਵੇ। ਹਾਰਵੈਸਟਰ ਕੰਬਾਈਨ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਕਣਕ ਨੂੰ ਅੱਗ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ 'ਤੇ ਨਿਗਰਾਨੀ ਰੱਖੀ ਜਾਵੇ। ਜੇਕਰ ਕਿਸੇ ਬਿਜਲੀ ਦੀ ਲਾਈਨ ਤੋਂ ਸਪਾਰਕ ਹੋ ਰਿਹਾ ਹੈ ਤਾਂ ਇਸ ਸਬੰਧੀ ਤੁਰੰਤ ਸਬੰਧਿਤ ਪੀ. ਐਸ. ਪੀ. ਸੀ. ਐਲ. ਦੇ ਸਟਾਫ਼, ਜੇ. ਈ., ਉੱਪ ਮੰਡਲ ਅਫ਼ਸਰ ਜਾਂ ਕੰਟਰੋਲ ਰੂਮ ਨੂੰ ਟੈਲੀਫੋਨ 'ਤੇ ਸੂਚਨਾ ਦਿੱਤੀ ਜਾਵੇ।