ਪਛੜੇ ਇਲਾਕਿਆਂ ਲਈ ਕਾਂਸਟੀਚੂਐਂਟ ਕਾਲਜ ਚਾਨਣ ਮੁਨਾਰਾ : ਡਾ. ਬਰਾੜ
ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪੰਜਾਬੀ
Publish Date: Sun, 05 Apr 2026 06:10 PM (IST)
Updated Date: Mon, 06 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਫ਼ਤਰ ਵਿਖੇ ਸੈਸ਼ਨ 2026 - 27 ਦੇ ਦਾਖ਼ਲਿਆਂ ਸਬੰਧੀ ਵੱਖ-ਵੱਖ ਕਾਂਸਟੀਚੂਐਂਟ ਕਾਲਜਾਂ ਦੀ ਇਕੱਤਰਤਾ ਹੋਈ। ਇਸ ਵਿੱਚ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਪ੍ਰਿੰਸੀਪਲ ਡਾਕਟਰ ਬਰਿੰਦਰ ਕੌਰ ਉਚੇਚੇ ਰੂਪ ਵਿੱਚ ਸ਼ਾਮਿਲ ਹੋਏ। ਇਹਨਾਂ ਦਾਖਲਿਆਂ ਦੀ ਮੀਟਿੰਗ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਕਾਂਸਟੀਚੂਐਂਟ ਕਾਲਜਾਂ ਦੀਆਂ ਜਰੂਰੀ ਲੋੜਾਂ ਦੇ ਨਾਲ-ਨਾਲ ਨਵੇਂ ਕੋਰਸਾਂ ਤੇ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲਿਆਂ ਸਬੰਧੀ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਡਾ. ਜਸਵਿੰਦਰ ਸਿੰਘ ਬਰਾੜ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਕਾਲਜਾਂ ਦੇ ਪ੍ਰਿੰਸੀਪਲ ਇੰਚਾਰਜ ਸ਼ਾਮਿਲ ਹੋਏ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਕਾਂਸਟੀਚੂਐਂਟ ਕਾਲਜ ਵਿਦਿਅਕ ਤੌਰ ਤੇ ਪਛੜੇ ਖੇਤਰ ਵਿੱਚ ਉੱਚ-ਵਿੱਦਿਆ ਪ੍ਰਦਾਨ ਕਰਨ ਲਈ ਖੋਲੇ ਗਏ ਹਨ। ਇਹ ਕਾਲਜ ਆਪਣੀ ਕਾਰਗੁਜ਼ਾਰੀ ਸਦਕਾ ਉੱਚ-ਸਿੱਖਿਆ ਦੇ ਖੇਤਰ ਵਿੱਚ ਵਡੇਰਾ ਯੋਗਦਾਨ ਪਾ ਰਹੇ ਹਨ ਅਤੇ ਵਿਦਿਅਕ ਤੌਰ ਤੇ ਪਛੜੇ ਖੇਤਰਾਂ ਲਈ ਚਾਨਣ ਮੁਨਾਰਾ ਬਣ ਕੇ ਉੱਭਰ ਰਹੇ ਹਨ। ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾਕਟਰ ਅਮਰਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੈਸ਼ਨ 2026-27 ਲਈ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਦੀ ਅਗਵਾਈ ਵਿੱਚ ਪ੍ਰੌਸਪੈਕਟ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਕਾਂਸਟੀਚੂਐਂਟ ਕਾਲਜਾਂ ਦੀ ਬੇਹਤਰੀ ਲਈ ਕਾਂਸਟੀਚੂਐਂਟ ਕਾਲਜਾਂ ਦੇ ਪ੍ਰਿੰਸੀਪਲ ਵੱਲੋਂ ਦਿੱਤੇ ਸੁਝਾਅ ਬਾਰੇ ਡੀਨ ਅਕਾਦਮਿਕ ਮਾਮਲੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।