ਭਾਜਪਾ ਵਿਰੁੱਧ ਕਾਂਗਰਸ ਲੋੜਵੰਦਾਂ ਦੀ ਬਣੇਗੀ ਆਵਾਜ਼ : ਗੁਰਪ੍ਰੀਤ ਵਿੱਕੀ
ਪੰਜਾਬ ਕਾਂਗਰਸ ਵੱਲੋਂ ਮਨਰੇਗਾ ਕਾਮਿਆਂ
Publish Date: Wed, 21 Jan 2026 05:47 PM (IST)
Updated Date: Thu, 22 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕਾਂਗਰਸ ਵੱਲੋਂ ਮਨਰੇਗਾ ਕਾਮਿਆਂ ਦੇ ਹੱਕ ਵਿੱਚ ਸ਼ੁਰੂ ਕੀਤੀ ‘ਮਨਰੇਗਾ ਬਚਾਓ ਸੰਗਰਾਮ’ ਤਹਿਤ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਬੀਤੇ ਦਿਨ੍ਹੀਂ ਹਲਕਾ ਮਾਨਸਾ ਦੇ ਪਿੰਡ ਖੀਵਾ ਦਿਆਲੂ ਵਾਲਾ, ਗੁਰਥੜੀ, ਮੱਤੀ ਅਤੇ ਅਤਲਾ ਖੁਰਦ ਵਿਖੇ ਨਰੇਗਾ ਬਚਾਓ ਸੰਗਰਾਮ ਤਹਿਤ ਨਰੇਗਾ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨਾਲ ਵਿਸਥਾਰਪੂਰਕ ਗੱਲਬਾਤ ਕੀਤੀ। ਇਸ ਮੌਕੇ ਬੀਜੇਪੀ ਸਰਕਾਰ ਵੱਲੋਂ ਨਰੇਗਾ ਵਰਗੀ ਲੋਕ-ਹਿਤੈਸ਼ੀ ਯੋਜਨਾ ਨੂੰ ਕਮਜ਼ੋਰ ਕਰਨ ਤੇ ਮਜ਼ਦੂਰਾਂ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਰੇਗਾ ਮਜ਼ਦੂਰਾਂ ਅਤੇ ਗਰੀਬ ਵਰਗ ਦੇ ਹੱਕਾਂ ਦੀ ਰੱਖਿਆ ਲਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਡਟ ਕੇ ਲੜਾਈ ਲੜ ਰਹੇ ਹਨ। ਇਹ ਸੰਘਰਸ਼ ਰਾਹੁਲ ਗਾਂਧੀ ਦੀ ਉਸ ਦੂਰਦਰਸ਼ੀ ਸੋਚ ਦਾ ਹਿੱਸਾ ਹੈ, ਜਿਸਦਾ ਉਦੇਸ਼ ਭਾਰਤ ਦੇ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤੀ ਵਰਗ ਨੂੰ ਇਨਸਾਫ਼, ਰੋਜ਼ਗਾਰ ਅਤੇ ਇੱਜ਼ਤ ਦੇਣਾ ਹੈ। ਨਰੇਗਾ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨੇ ਜੋਸ਼ ਨਾਲ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਡਟ ਕੇ ਸੰਘਰਸ਼ ਕਰਨ ਦਾ ਸੰਕਲਪ ਲਿਆ। ਇਸ ਮੌਕੇ ਹੋਰ ਵੀ ਮੌਜੂਦ ਸਨ।