ਫ਼ਰਦ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਨੇ ਕੀਤਾ ਰੋਸ ਪ੍ਰਦਰਸ਼ਨ
ਦੇਸ਼ ਭਰ ਵਿੱਚ ਹੋਈ ਦੇਸ਼ ਵਿਆਪੀ ਹੜਤਾਲ
Publish Date: Thu, 12 Feb 2026 05:09 PM (IST)
Updated Date: Thu, 12 Feb 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦੇਸ਼ ਭਰ ਵਿੱਚ ਹੋਈ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਸਮਰਥਨ ਦਿੰਦੇ ਹੋਏ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਮਾਨਸਾ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਮੂਹ ਜ਼ਿਲ੍ਹਾ ਮਾਨਸਾ ਦੇ ਫ਼ਰਦ ਕੇਂਦਰ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਬਪਿਆਣਾ ਅਤੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਨਾਲ ਸੂਬਾ ਖਜ਼ਾਨਚੀ ਰਾਜੇਸ਼ ਕੁਮਾਰ ਮੌਕੇ ’ਤੇ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀ ਹਰ ਤਹਿਸੀਲ ਵਿੱਚ ਕਰਮਚਾਰੀਆਂ ਵੱਲੋਂ ਤਹਿਸੀਲ ਗੇਟਾਂ ਅੱਗੇ ਕਾਲੇ ਬਿੱਲੇ ਲਗਾ ਕੇ ਸਰਕਾਰ ਦੇ ਲੋਕ-ਮਾਰੂ ਬਿੱਲਾਂ, ਲੇਬਰ ਕੋਡ, ਨਿੱਜੀਕਰਨ ਅਤੇ ਠੇਕਾ ਪ੍ਰਥਾ ਦੇ ਵਿਰੋਧ ਵਿੱਚ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਵਕਤਾਵਾਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ, ਮਜ਼ਦੂਰ ਅਧਿਕਾਰਾਂ ਵਿੱਚ ਕਟੌਤੀ ਅਤੇ ਠੇਕਾ ਪ੍ਰਥਾ ਨੂੰ ਵਧਾਵਾ ਦੇਣ ਵਾਲੇ ਫ਼ੈਸਲੇ ਮਜ਼ਦੂਰ ਵਰਗ ਲਈ ਘਾਤਕ ਸਾਬਤ ਹੋ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਆਪਣੀਆਂ ਨੀਤੀਆਂ ਵਿੱਚ ਤੁਰੰਤ ਸੁਧਾਰ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਅਤੇ ਵਿਸਤਾਰਿਤ ਕੀਤਾ ਜਾਵੇਗਾ। ਵਰਕਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਹੜਤਾਲ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਉਣ ਦਾ ਸੰਕਲਪ ਲਿਆ।