ਸਿਵਲ ਸਰਜਨ ਵੱਲੋਂ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ
ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ
Publish Date: Fri, 27 Feb 2026 04:02 PM (IST)
Updated Date: Fri, 27 Feb 2026 04:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਸਮੂਹ ਸਿਹਤ ਸੰਸਥਾਵਾਂ, ਆਮ ਆਦਮੀ ਕਲੀਨਿਕ, ਨਸ਼ਾ ਛਡਾਊ ਕੇਂਦਰ ਅਤੇ ਓਟ ਸੈਂਟਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਇਕ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਮਿਥੇ ਗਏ ਸਿਹਤ ਟੀਚਿਆਂ ਨੂੰ ਸਮਾਂਬੱਧ ਪੂਰ੍ਹਾ ਕੀਤਾ ਜਾਵੇ। ਸਿਹਤ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਵਧੀਆ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਦਵਾਈਆਂ, ਲੈਬ ਟੈਸਟ, ਐਕਸ ਰੇਅ, ਈਸੀਜੀ ਅਤੇ ਮਰੀਜ਼ਾਂ ਲਈ ਪੀਣ ਵਾਲੇ ਪਾਣੀ, ਬਿਜਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਪ੍ਰਤੀ ਚੰਗਾ ਰਵੱਈਆ ਅਪਣਾਇਆ ਜਾਵੇ ਅਤੇ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਟੈਲੀ-ਮਾਨਸ ਹੈਲਪਲਾਈਨ 14416 ਰਾਹੀਂ ਮਾਨਸਿਕ ਸਿਹਤ ਸਮੱਸਿਆਵਾਂ ਦਾ ਹੱਲ ਕਰਨ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ, ਸਾਰਿਆਂ ਨੂੰ ਵੱਧ ਤੋਂ ਵੱਧ ਆਭਾ ਆਈਡੀ ਬਣਾਉਣ ਲਈ ਜਾਗਰੂਕ ਕਰਨ ਬਾਰੇ ਹਦਾਇਤ ਕੀਤੀ ਤਾਂ ਜੋ ਮਰੀਜ਼ ਨੂੰ ਲੰਮੀਆਂ ਲਾਈਨਾਂ ਤੋਂ ਨਿਜਾਤ ਮਿਲ ਸਕੇ ਅਤੇ ਉਨ੍ਹਾਂ ਦਾ ਸਿਹਤ ਰਿਕਾਰਡ ਆਭਾ ਆਈਡੀ ਵਿਚ ਸੁਰੱਖਿਅਤ ਰਹਿ ਸਕੇ। ਉਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ, ਜਨਨੀ ਸੁਰੱਖਿਆ ਯੋਜਨਾ, ਜਨਨੀ ਸਿਸ਼ੂ ਸੁਰੱਖਿਆ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਨੈਸ਼ਨਲ ਵੈਕਟਰ ਬੌਰਨ ਡਿਸੀਜ਼ ਕੰਟਰੋਲ ਪ੍ਰੋਗਰਾਮ, ਨੈਸ਼ਨਲ ਤਪਦਿਕ ਇਲੈਮੀਨੇਸ਼ਨ ਗਰਾਮ, ਪ੍ਰਧਾਨ ਮੰਤਰੀ ਮਾਤਰੀਤਵ ਸੁਰੱਖਿਅਤ ਅਭਿਆਨ, ਪੰਜਾਬ ਨਸ਼ਾ ਮੁਕਤ ਅਭਿਆਨ, ਨੈਸ਼ਨਲ ਬਲਾਇਡਨੈਸ ਕੰਟਰੋਲ ਪ੍ਰੋਗਰਾਮ, ਰੈਬਿਜ, ਹੈਪੈਟਾਈਟਸ ਕੰਟਰੋਲ ਪ੍ਰੋਗਰਾਮ ਆਦਿ ਬਾਰੇ ਵਿਸਥਾਰ ਸਹਿਤ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਕੰਵਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਯੰਕਜੋਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਡਾ. ਗੁਰਮੇਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਡਾ.ਜਗਜੀਤ ਸਿੰਘ, ਚੀਫ ਫਾਰਮੇਸੀ ਅਫ਼ਸਰ ਸੁਖਵਿੰਦਰ ਸਿੰਘ, ਡੀਪੀਐੱਮ ਅਵਤਾਰ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਅਕਾਊਂਟ ਅਫ਼ਸਰ ਲਵਲੀ ਗੋਇਲ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ।