ਲੋਹੜੀ ਮੌਕੇ ਜੱਚਾ-ਬੱਚਾ ਹਸਪਤਾਲ ’ਚ 21 ਧੀਆਂ ਦਾ ਕੀਤਾ ਸਨਮਾਨ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ
Publish Date: Tue, 13 Jan 2026 06:13 PM (IST)
Updated Date: Wed, 14 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਦੇ ਹੁਕਮਾਂ ਤਹਿਤ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਜੱਚਾ-ਬੱਚਾ ਹਸਪਤਾਲ ਮਾਨਸਾ ਵਿੱਚ ਲੋਹੜੀ ਧੀਆਂ ਦੀ ਮਨਾਈ ਗਈ। ਇਸ ਮੌਕੇ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਅਜੋਕੇ ਸਮੇਂ ’ਚ ਧੀਆਂ ਹਰ ਖੇਤਰ ’ਚ ਮੁੱਖ ਭੂਮਿਕਾ ਨਿਭਾਅ ਰਹੀਆਂ ਹਨ ਜਿਵੇਂ ਕਿ ਰਾਸ਼ਟਰਪਤੀ ਤੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਿਹੇ ਅਹਿਮ ਅਹੁਦਿਆਂ, ਡਿਪਟੀ ਕਮਿਸ਼ਨਰ, ਐੱਸਐੱਸਪੀ ਸਮੇਤ ਸੈਨਿਕ ਸੇਵਾਵਾਂ, ਪੁਲਾੜ ਵਿਗਿਆਨ ਸਮੇਤ ਅਨੇਕਾਂ ਖੇਤਰਾਂ ’ਚ ਅਹਿਮ ਭੂਮਿਕਾ ਨਿਭਾਉਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਸਮੇਂ ਪੀਐੱਨਡੀਟੀਐਕਟ ਅਧੀਨ ਬੱਚੀਆਂ ਦੀ ਰੱਖਿਆ ਕੀਤੀ ਜਾਂਦੀ ਹੈ ਤੇ ਬੇਟੀ ਬਚਾਓ-ਬੇਟੀ ਪੜ੍ਹਾਓ 'ਤੇ ਅਮਲ ਕਰਨ ਲਈ ਜਾਗਰੂਕਤਾ ਦੇ ਉਦੇਸ਼ ਨਾਲ ਲੋਹੜੀ ਧੀਆਂ ਦੀ ਵਰਗੇ ਪ੍ਰੋਗਰਾਮ ਹਰ ਸਾਲ ਕੀਤੇ ਜਾ ਰਹੇ ਹਨ। ਮੁੱਖ ਮਹਿਮਾਨ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਨਾਲੋਂ ਪਿਛੇ ਨਹੀਂ ਹਨ, ਲੋੜ ਹੈ ਸਾਨੂੰ ਆਪਣੀ ਸੋਚ ਬਦਲਣ ਦੀ।
ਓਨ੍ਹਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਬਾਲੜੀ ਰੱਖਿਆ ਸਕੀਮ ਬਾਰੇ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਉਨ੍ਹਾ ਕਿਹਾ ਕਿ ਧੀਆਂ ਸਾਡੇ ਲਈ ਮਾਣ ਵੀ ਹਨ ਤੇ ਸਾਡਾ ਭਵਿੱਖ ਵੀ। ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮਾਨਸਾ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਉਦੇਸ਼ ਲਿੰਗ ਅਨੁਪਾਤ ’ਚ ਸਮਾਨਤਾ ਲਿਆਉਣਾ ਹੈ ਤੇ ਧੀਆਂ ਪ੍ਰਤੀ ਸਮਾਜ ਦੀ ਸੋਚ ਵਿੱਚ ਤਬਦੀਲੀ ਲਿਆਉਣਾ ਹੈ। ਯੋਗਤਾ ਆਧਾਰਤ ਧੀਆਂ ਤੇ ਪੁੱਤਰਾਂ ਨੂੰ ਸਾਨੂੰ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਇਸ ਮੌਕੇ ਡਾ. ਮਯੰਕਜੋਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਗੁਰਮੇਲ ਸਿੰਘ ਐਸ.ਐਮ.ਓ. ਮਾਨਸਾ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਡਾ. ਰੀਚਾ ਰੇਡਿਓਲੋਜਿਸਟ, ਡਾ. ਰਜਨੀ ਗਾਇਨਾਕਾਲੋਜਿਸਟ, ਡਾ. ਹੰਸਾ ਡੈਂਟਲ ਸਰਜਨ, ਅਵਤਾਰ ਸਿੰਘ ਡੀਪੀਐੱਮ, ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਰੇਣੂ ਬਾਲਾ ਪੀ.ਐੱਨ.ਡੀ.ਟੀ. ਕੋਆਰਡੀਨੇਟਰ, ਯੈਕੀ ਗਰਗ ਕੈਸ਼ੀਅਰ, ਰਜਨੀ, ਪੂਨਮ ਗੁਰਵਿੰਦਰ ਨਰਸਿੰਗ ਸਿਸਟਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਵੀ ਮੌਜੂਦ ਸਨ।