ਗੰਦਾ ਪਾਣੀ ਪੀਣ ਲਈ ਮਜਬੂਰ ਸਰਦੂਲਗੜ੍ਹ ਦੇ ਬਸ਼ਿੰਦੇ
ਪਿਛਲੇ ਲੰਬੇ ਸਮੇਂ ਤੋਂ ਸਰਦੂਲਗੜ੍ਹ ਵਾਸੀ ਟੂਟੀਆਂ
Publish Date: Sat, 10 Jan 2026 06:14 PM (IST)
Updated Date: Sun, 11 Jan 2026 04:07 AM (IST)
ਵਾਟਰ ਸਪਲਾਈ ਵਿਭਾਗ ਸੁੱਤਾ ਕੁੰਭਕਰਨੀ ਨੀਂਦ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਪਿਛਲੇ ਲੰਬੇ ਸਮੇਂ ਤੋਂ ਸਰਦੂਲਗੜ੍ਹ ਦੇ ਬਸ਼ਿੰਦੇ ਟੂਟੀਆਂ ਰਾਹੀਂ ਆ ਰਹੇ ਸੀਵਰੇਜ਼ ਰਲਾਅ ਦੇ ਪਾਣੀ ਨੂੰ ਪੀਣ ਲਈ ਮਜ਼ਬੂਰ ਹਨ, ਭਾਵੇਂ ਇਸ ਸਬੰਧੀ ਕਈ ਵਾਰ ਵਾਟਰ ਸਪਲਾਈ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਉਨ੍ਹਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ ਅੱਜ ਸ਼ਹਿਰ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਟੂਟੀਆਂ ਵਿੱਚ ਸੀਵਰੇਜ਼ ਦਾ ਰਲਾਅ ਹੋ ਕੇ ਪਾਣੀ ਆ ਰਿਹਾ ਹੈ। ਇਸ ਸਬੰਧੀ ਮਹਿਕਮੇ ਦੇ ਜੇਈ, ਐਸਡੀਓ, ਐਕਸੀਅਨ ਸਭ ਨੂੰ ਵਾਰ ਵਾਰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਲੋਕਾਂ ਦੀ ਸਾਰ ਨਹੀਂ ਲਈ। ਗੰਦਾ ਪਾਣੀ ਪੀਣ ਨਾਲ ਬੱਚੇ ਬਜ਼ੁਰਗ ਬਿਮਾਰ ਹੋ ਰਹੇ ਹਨ।
ਲੋਕਾਂ ਨੇ ਉਹ ਜਗ੍ਹਾ ਵੀ ਦਿਖਾਈ, ਜਿੱਥੋਂ ਡਰੇਨ ਨਾਲੇ ਦੇ ਗੰਦੇ ਪਾਣੀ ਵਿੱਚਕਾਰ ਲੱਗਿਆ ਮੇਨ ਲਾਈਨ ਤੇ ਗੇਟ ਬਾਲ ਗੰਦੇ ਪਾਣੀ ਨਾਲ ਭਰਿਆ ਹੋਇਆ ਸੀ। ਇਸ ਸਬੰਧੀ ਕਈ ਵਾਰ ਐਕਸੀਅਨ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਪਰ ਬਿਨਾ ਲਾਰੇ ਤੋਂ ਕੁਝ ਵੀ ਨਹੀਂ ਹੋਇਆ। ਅੱਜ ਵੀ ਜਦੋਂ ਇਸ ਸਬੰਧੀ ਮਹਿਕਮੇ ਦੇ ਐਸਡੀਓ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਮੱਸਿਆ ਦਾ ਹੱਲ ਕਰ ਰਹੇ ਹਾਂ ਕਹਿ ਕੇ ਫੋਨ ਕੱਟ ਦਿੱਤਾ। ਹੁਣ ਇਹ ਕੰਮ ਕਦੋਂ ਤੱਕ ਹੋਵੇਗਾ ਅਤੇ ਕਦੋਂ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮਿਲੇਗਾ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇੱਥੇ ਦੱਸਣਯੋਗ ਹੈ ਕਿ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਨੂੰ ਉਪਲੱਬਧ ਕਰਵਾਉਣ ਲਈ ਪਿਛਲੇ ਸਮੇਂ ਵਿੱਚ ਲੱਖਾਂ ਰੁਪਏ ਖਰਚ ਕੇ ਦੋ ਤਿੰਨ ਨਵੇਂ ਬੋਰ ਵੀ ਕਰਵਾਏ ਸਨ ਪਰ ਫ਼ਿਰ ਵੀ ਹਾਲੇ ਤੱਕ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹਈਆ ਨਹੀਂ ਹੋ ਸਕਿਆ। ਦੂਸਰੇ ਪਾਸੇ ਵਿਭਾਗ ਦੇ ਜੇਈ ਅਨੁਸਾਰ ਕੌਮੀ ਮਾਰਗ ਬਣਾਉਣ ਸਮੇਂ ਸੜਕ ਕਿਨਾਰੇ ਵਿਛਾਈ ਹੋਈ ਵਾਟਰ ਸਪਲਾਈ ਦੀ ਪਾਈਪ ਕਈ ਜਗ੍ਹਾ ਤੋਂ ਟੁੱਟ ਗਈ ਸੀ। ਉਸ ਦੀ ਜਗ੍ਹਾ ਕੌਮੀ ਮਾਰਗ ਦੇ ਠੇਕੇਦਾਰ ਵੱਲੋਂ ਨਵੀਂ ਵਾਟਰ ਸਪਲਾਈ ਦੀ ਪਾਈਪ ਵਿਛਾ ਦਿੱਤੀ ਗਈ ਹੈ। ਪਰ ਅਜੇ ਤੱਕ ਇਸ ਪਾਇਪ ਨੂੰ ਵਾਟਰ ਵਰਕਸ ਅਤੇ ਗਲੀਆਂ ਦੇ ਨਾਲ ਜੋੜਿਆ ਨਹੀਂ ਗਿਆ। ਹੁਣ ਕਦੋਂ ਤੱਕ ਇੰਨ੍ਹਾਂ ਪਾਈਪਾਂ ਨੂੰ ਜੋੜਿਆ ਜਾਵੇਗਾ ਅਤੇ ਕਦੋਂ ਤੱਕ ਲੋਕ ਗੰਦਾ ਪਾਣੀ ਪੀਂਦੇ ਰਹਿਣਗੇ ਕੁਝ ਨਹੀਂ ਕਿਹਾ ਜਾ ਸਕਦਾ।