ਟ੍ਰੈਫਿਕ ਸਮੱਸਿਆ ਨਾਲ ਜੂਝ ਰਹੇ ਲੋਕ
ਵੈਸੇ ਤਾਂ ਸ਼ਹਿਰ ਅੰਦਰ ਸਮੱਸਿਆਵਾਂ ਦੀ
Publish Date: Tue, 31 Mar 2026 06:15 PM (IST)
Updated Date: Wed, 01 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਸ਼ਹਿਰ ’ਚ ਸਮੱਸਿਆਵਾਂ ਦੀ ਉਂਝ ਤਾਂ ਭਰਮਾਰ ਹੈ। ਪਰ ਟ੍ਰੈਫ਼ਿਕ ਦੀ ਸਮੱਸਿਆ ਦਿਨ ਬ ਦਿਨ ਵੱਧ ਰਹੀ ਹੈ। ਇਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੇ ਮੁੱਖ ਬਾਜ਼ਾਰ, ਕੈਂਚੀਆਂ ਚੌਂਕ, ਕ੍ਰਿਸ਼ਨਾ ਮੰਦਰ ਚੌਂਕ ਅਤੇ ਸਟਾਲਾਂ ਵਾਲੀ ਮਾਰਕੀਟ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ, ਜਿੱਥੇ ਆਮ ਤੌਰ ’ਤੇ ਜਾਮ ਲੱਗ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬਾਹਰ ਆਪਣੀ ਸਹੂਲਤ ਮੁਤਾਬਕ ਸ਼ੈੱਡ ਅਤੇ ਚੌਂਤਰੇ ਬਣਾਏ ਹੋਏ ਹਨ। ਇਸ ਦੇ ਨਾਲ-ਨਾਲ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਅਤੇ ਫ਼ਲੈਕਸ ਬੋਰਡ ਰੱਖ ਲਏ ਜਾਂਦੇ ਹਨ ਅਤੇ ਰਹਿੰਦੀ-ਖੂੰਹਦੀ ਘਾਟ ਇੰਨ੍ਹਾਂ ਦੁਕਾਨਾਂ ’ਤੇ ਆਉਣ ਵਾਲੇ ਗ੍ਰਾਹਕ ਦੁਕਾਨਾਂ ਬਾਹਰ ਆਪਣੇ ਵਹੀਕਲ ਖਡ਼੍ਹੇ ਕਰਕੇ ਪੂਰ੍ਹੀ ਕਰ ਦਿੰਦੇ ਹਨ। ਅਜਿਹੇ ’ਚ ਕੋਈ ਵਹੀਕਲ ਦਾ ਲੰਘਣਾ ਤਾਂ ਕੀ ਪੈਦਲ ਲੰਘਣਾ ਵੀ ਬਡ਼ਾ ਮੁਸ਼ਕਿਲ ਜਾਪਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸੜਕਾਂ ‘ਤੇ ਸ਼ਹਿਰ ਦਾ ਸਿਵਲ ਹਸਪਤਾਲ ਅਤੇ ਪੁਲਿਸ ਸਟੇਸ਼ਨ ਵੀ ਹੈ। ਅਜਿਹੀ ਜਾਮ ਵਾਲੀ ਹਾਲਤ ’ਚ ਜੇਕਰ ਕਿਤੇ ਕਿਸੇ ਮਰੀਜ਼ ਨੂੰ ਗੰਭੀਰ ਹਾਲਤ ’ਚ ਬਾਹਰ ਲਿਜਾਣਾ ਹੋਵੇ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਸਦਾ ਕੀ ਹਾਲ ਹੋਵੇਗਾ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਕੋਈ ਪੁਖਤਾ ਇੰਤਜਾਮ ਕੀਤੇ ਜਾਣ। ਜਦ ਇਸ ਮਾਮਲੇ ਨੂੰ ਲੈ ਕੇ ਕਾਰਜ ਸਾਧਕ ਅਫ਼ਸਰ ਸਿੰਕਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਕੁਝ ਦਿਨ ਪਹਿਲਾਂ ਹੀ ਟ੍ਰੈਫ਼ਿਕ ‘ਚ ਵਿਗਨ ਪਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਸਨ ਅਤੇ ਹੁਣ ਫ਼ਿਰ ਸ਼ਹਿਰ ‘ਚ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।