ਨਰਮੇ ਦੀ ਫ਼ਸਲ ਦੇ ਅਗੇਤੇ ਪ੍ਰਬੰਧਾਂ ਅਧੀਨ ਜਿਨਿੰਗ ਫ਼ੈਕਟਰੀਆਂ ਦੀ ਚੈਕਿੰਗ
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ
Publish Date: Thu, 05 Feb 2026 08:27 PM (IST)
Updated Date: Thu, 05 Feb 2026 08:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਵੱਖ-ਵੱਖ ਜਿਨਿੰਗ ਫ਼ੈਕਟਰੀਆਂ (ਜਿੱਥੇ ਵੜੇਵਿਆਂ 'ਚੋਂ ਤੇਲ ਕੱਢਿਆ ਜਾਂਦਾ ਹੈ) ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਆਗਾਮੀ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜਿਨਿੰਗ ਫ਼ੈਕਟਰੀਆਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ੍ਹ 16 ਜਿਨਿੰਗ ਫ਼ੈਕਟਰੀਆਂ ਵਿਚੋਂ 7 ਜਿਨਿੰਗ ਫੈਕਟਰੀਆਂ ਚਾਲੂ ਹਾਲਤ ਵਿੱਚ ਹਨ। ਚੈਕਿੰਗ ਦੌਰਾਨ ਕਿਸੇ ਵੀ ਫ਼ੈਕਟਰੀ ਵਿੱਚ ਮੌਜੂਦ ਵੜੇਵਿਆਂ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ ਨਹੀਂ ਪਾਇਆ ਗਿਆ। ਉਨ੍ਹਾਂ ਫ਼ੈਕਟਰੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਨਰਮੇ ਦੀ ਰਹਿੰਦ-ਖੂੰਹਦ ਜਾਂ ਵੜੇਵਿਆਂ ਵਿੱਚ ਗੁਲਾਬੀ ਸੁੰਡੀ ਦੇ ਲਾਰਵਾ ਪਾਇਆ ਜਾਂਦਾ ਹੈ ਤਾਂ ਤੁਰੰਤ ਫਿਊਮੀਗੇਸ਼ਨ ਕਰਵਾਈ ਜਾਵੇ ਕਿਉ਼ਂਕਿ ਇਹ ਲਾਰਵਾ ਹੀ ਅੱਗੇ ਪਤੰਗੇ ਜਾਂ ਸੁੰਡੀਆਂ ਵਿੱਚ ਬਦਲ ਕੇ ਨਰਮੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਫਿਊਮੀਗੇਸ਼ਨ ਨਾਲ ਇਹ ਲਾਰਵਾ ਖਤਮ ਹੋ ਜਾਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਖੇਤਾਂ ਦੇ ਆਲੇ-ਦੁਆਲੇ, ਸਾਂਝੀਆਂ ਥਾਵਾਂ ’ਤੇ ਪਏ ਛਟੀਆਂ ਦੇ ਢੇਰਾਂ ਵਿੱਚ ਅਣ ਖਿੜ੍ਹੇ ਟੀਂਡਿਆਂ ਨੂੰ ਝਾੜ ਕੇ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਟੀਂਡਿਆਂ ਵਿੱਚ ਮੌਜੂਦ ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਸੁਖਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਮਾਨਸਾ ਆਦਿ ਹਾਜ਼ਰ ਸਨ।