- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਕੁੱਝ ਦਿਨਾਂ ਵਿੱਚ ਮਟਰਾਂ ਦੀਆਂ ਕੀਮਤਾਂ ਵਿੱਚ ਅਚਾਨਕ ਤੇਜ਼ ਵਾਧਾ ਦਿਖ ਰਿਹਾ ਹੈ। ਇਸ ਨਾਲ ਇੱਕ ਪਾਸੇ ਜਿੱਥੇ ਖਪਤਕਾਰ ਪ੍ਰੇਸ਼ਾਨ ਹਨ, ਉਥੇ ਹੀ ਮਟਰ ਉਤਪਾਦਕ ਕਿਸਾਨ ਵੀ ਚਿੰਤਤ ਨਜ਼ਰ ਆ ਰਹੇ ਹਨ। ਤਕਰੀਬਨ 25 ਦਿਨ ਪਹਿਲਾਂ ਮਟਰ ਸਿਰਫ਼ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਵਿੱਚ ਬੋਲੀ ‘ਤੇ ਵਿਕ ਰਿਹਾ ਸੀ, ਪਰ ਹੁਣ ਇਹੀ ਮਟਰ 75 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕੁੱਝ ਦਿਨਾਂ ਵਿੱਚ ਮਟਰਾਂ ਦੀਆਂ ਕੀਮਤਾਂ ਵਿੱਚ ਅਚਾਨਕ ਤੇਜ਼ ਵਾਧਾ ਦਿਖ ਰਿਹਾ ਹੈ। ਇਸ ਨਾਲ ਇੱਕ ਪਾਸੇ ਜਿੱਥੇ ਖਪਤਕਾਰ ਪ੍ਰੇਸ਼ਾਨ ਹਨ, ਉਥੇ ਹੀ ਮਟਰ ਉਤਪਾਦਕ ਕਿਸਾਨ ਵੀ ਚਿੰਤਤ ਨਜ਼ਰ ਆ ਰਹੇ ਹਨ। ਤਕਰੀਬਨ 25 ਦਿਨ ਪਹਿਲਾਂ ਮਟਰ ਸਿਰਫ਼ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਵਿੱਚ ਬੋਲੀ ‘ਤੇ ਵਿਕ ਰਿਹਾ ਸੀ, ਪਰ ਹੁਣ ਇਹੀ ਮਟਰ 75 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਰਿਟੇਲ ਬਾਜ਼ਾਰ ਵਿੱਚ ਇਸਦੀ ਕੀਮਤ 100 ਰੁਪਏ ਤੋਂ ਵੀ ਉੱਪਰ ਦਰਜ ਕੀਤੀ ਜਾ ਰਹੀ ਹੈ। ਬਾਗਬਾਨੀ ਵਿਭਾਗ ਦਾ ਕਹਿਣਾ ਹੈ ਕਿ ਫ਼ਸਲ ਨੂੰ ਸਟੋਰ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਕਣਕ ਝੋਨੇ ਦੇ ਚੱਕਰ ਵਿੱਚੋਂ ਨਿਕਲਣ ਲਈ ਮਟਰ ਦੀ ਫ਼ਸਲ ਲਗਾਈ ਸੀ ਅਤੇ ਉਸ ਸਮੇਂ ਮੰਡੀ ਵਿੱਚ ਜਾ ਕੇ ਮਟਰ 8 ਰੁਪਏ ਕਿੱਲੋ ਦੇ ਭਾਅ ‘ਤੇ ਵੇਚਣਾ ਪਿਆ। ਉਸ ਨੇ ਦੱਸਿਆ ਕਿ ਮਟਰ ਦੀ ਉਸ ਨੂੰ ਚਾਰ ਰੁਪਏ ਕਿੱਲੋ ਤੱਕ ਦੀ ਤਾਂ ਤੜਾਈ ਪੈਂਦੀ ਸੀ ਤੇ ਫ਼ਿਰ ਮੰਡੀ ‘ਚ ਲਿਆਉਣ ਦਾ ਖਰਚਾ ਵੱਖਰਾ ਸੀ। ਉਸ ਨੇ ਕਿਹਾ ਕਿ ਮਟਰ ਦੀ ਫ਼ਸਲ ਬੀਜਣ ਨਾਲ ਉਹ ਤਾਂ ਘਾਟੇ ਵਿੱਚ ਹੀ ਗਿਆ ਹੈ, ਜੇਕਰ ਅਜਿਹਾ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਬਜ਼ੀ ਵੱਲ ਕਿਸਾਨ ਜਾਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਸਨੇ ਕਿਹਾ ਕਿ ਜਦੋਂ ਮਟਰ ਵੱਡੀ ਮਾਤਰਾ ਵਿੱਚ ਉਪਲਬਧ ਸੀ, ਤਦ ਇਸਦਾ ਭਾਅ 10 ਰੁਪਏ ਤੋਂ ਉੱਪਰ ਨਹੀਂ ਗਿਆ, ਪਰ ਜਿਵੇਂ ਹੀ ਮਟਰ ਖੇਤਾਂ ‘ਚੋਂ ਖ਼ਤਮ ਹੋਇਆ, ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ। ਇਸੇ ਤਰ੍ਹਾਂ ਪਿੰਡ ਨੰਗਲ ਕਲਾਂ ਦੇ ਕਿਸਾਨ ਨੇ ਵੱਡੀ ਤਾਦਾਦ ਵਿੱਚ ਮਟਰ ਦੀ ਫ਼ਸਲ ਉਗਾਈ ਸੀ। ਉਨ੍ਹਾਂ ਕਹਿਣਾ ਹੈ ਕਿ ਉਹ ਵੀ ਮਟਰ ਦੀ ਫ਼ਸਲ ਬੀਜ ਕੇ ਨੁਕਸਾਨ ਵਿੱਚ ਹੀ ਹਨ ਕਿਉਂਕਿ ਉਨ੍ਹਾਂ ਦੀ ਫ਼ਸਲ ਕੁਝ ਦਿਨਾਂ ਵਿੱਚ ਹੀ ਨਿੱਬੜ ਗਈ ਸੀ ਪਰ ਮਟਰ ਦਾ ਠੀਕ ਭਾਅ ਨਾ ਮਿਲਣ ਕਰਕੇ ਉਸ ਨੂੰ ਮਟਰ ਦੀ ਫ਼ਸਲ ਵਿੱਚ ਘਾਟਾ ਹੀ ਹੋਇਆ ਹੈ।
ਜਦ ਬਾਗਵਾਨੀ ਵਿਭਾਗ ਦੇ ਡਾ. ਪਰਮੇਸ਼ਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਸਬਜ਼ੀ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਆਉਂਦੀ ਹੈ ਤਾਂ ਉਸਦਾ ਰੇਟ ਹੇਠਾਂ ਡਿੱਗ ਪੈਂਦਾ ਹੈ, ਜਦੋਂ ਸਬਜ਼ੀ ਦੀ ਮਾਤਰਾ ਬਾਜ਼ਾਰ ਵਿੱਚ ਆਉਣੀ ਘੱਟ ਜਾਂਦੀ ਹੈ ਤੇ ਰੇਟ ਵੱਧ ਜਾਂਦਾ ਹੈ। ਜੇ ਕਿਸਾਨ ਨੇ ਸਬਜ਼ੀ ਦਾ ਸਹੀ ਮੁੱਲ ਲੈਣਾ ਹੈ ਤਾਂ ਸਟੋਰ ਕਰਨ ਦੀ ਆਦਤ ਕਿਸਾਨ ਨੂੰ ਪਾਉਣੀ ਪੈਣੀ ਹੈ। ਮਾਡਰਨ ਤਰੀਕੇ ਨਾਲ ਸਾਂਭ ਸੰਭਾਲ ਫ਼ਸਲ ਦੀ ਕਿਸਾਨ ਨੂੰ ਕਰਨੀ ਪੈਣੀ ਹੈ। ਉਨ੍ਹਾਂ ਨੇ ਕਿਹਾ ਕਿ 25 ਕੁ ਦਿਨ ਪਹਿਲਾਂ ਜੋ ਰੇਟ ਸੀ, ਜੇਕਰ ਉਸ ਫ਼ਸਲ ਨੂੰ ਸਟੋਰਾਂ ਵਿੱਚ ਸਾਂਭਿਆ ਹੁੰਦਾ ਤਾਂ ਅੱਜ ਬਹੁਤ ਵਧੀਆ ਕਿਸਾਨ ਨੂੰ ਰੇਟ ਮਿਲਣਾ ਸੀ। ਜਿਹੜਾ ਉਹ ਮਿਲ ਸਕਦਾ ਸੀ। ਇਸ ਲਈ ਕਿਸਾਨ ਨੂੰ ਸਟੋਰ ਕਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਤਾਂ ਜੋ ਸਹੀ ਲਾਭ ਮਿਲ ਸਕੇ।