- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਹਰੇਕ ਵਿਅਕਤੀ ਨੂੰ ਰੱਬ ਦਾ ਦਿੱਤਾ ਗਿਆ

23) ਡਾ. ਕਰਨੈਲ ਸਿੰਘ ਵੈਰਾਗੀ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਜ਼ਿੰਦਗੀ ਨੂੰ ਮੁਸ਼ੱਕਤ ਨਾਲ ਨਿਖਾਰ, ਸੰਵਾਰ ਅਤੇ ਸ਼ਿੰਗਾਰ ਕੇ ਦਿਲਚਸਪ ਅਤੇ ਮਨਮੋਹਣੀ ਬਣਾ ਜੀਵਨ ਦੇ ਇਕ ਮੁਸਾਫ਼ਰ ਹਨ ਡਾ. ਕਰਨੈਲ ਸਿੰਘ ਵੈਰਾਗੀ। ਜਿਹੜੇ 32 ਸਾਲ ਮਿਸਾਲੀ ਅਧਿਆਪਨ ਸੇਵਾ ਦੌਰਾਨ ਹਰਮਨ-ਪਿਆਰੇ ਰਹੇ। ਪਿਤਾ ਪ੍ਰੀਤਮ ਦਾਸ ਅਤੇ ਮਾਤਾ ਕਰਤਾਰ ਕੌਰ ਦੇ ਹੋਣਹਾਰ ਸਪੂਤ ਨੇ ਪਿੰਡ ਬੁਢਲਾਡਾ , ਜ਼ਿਲ੍ਹਾ ਮਾਨਸਾ (ਉਸ ਸਮੇਂ ਬਠਿੰਡਾ) ਵਿਖੇ ਚਾਰ ਜਨਵਰੀ 1967 ਨੂੰ ਆਪਣੀ ਕੁਲ ਨੂੰ ਭਾਗ ਲਾਏ । ਪ੍ਰਾਇਮਰੀ ਪੱਧਰ ਦੀ ਸਿੱਖਿਆ ਹਾਸਲ ਕਰਨ ਉਪਰੰਤ 1983 ਵਿੱਚ ਸ.ਸ.ਸ.ਸ.(ਮੁੰ) ਬੁਢਲਾਡਾ ਤੋਂ ਦਸਵੀਂ ਪਾਸ ਕੀਤੀ । ਆਈਟੀਆਈ ਬੁਢਲਾਡਾ ਤੋਂ ਸਟੈਨੋ ਪੰਜਾਬੀ ਕੀਤੀ ।ਜੀਵਨ-ਪੰਧ ‘ਤੇ ਤੁਰਦਿਆਂ ਅਤੇ ਭਾਰਤੀ ਖੁਰਾਕ ਕਾਰਪੋਰੇਸ਼ਨ ਦੇ ਗੋਦਾਮਾਂ ਵਿੱਚ ਚੌਕੀਦਾਰੀ ਕਰਨ ਤੱਕ ਦਾ ਮੁਸ਼ੱਕਤੀ ਸੰਘਰਸ਼ ਕਰਦਿਆਂ ਅਪ੍ਰੈਲ 1987 ਵਿੱਚ ਗਰੈਜੂਏਸ਼ਨ ਅਤੇ ਅਪ੍ਰੈਲ 1988 ਵਿੱਚ ਬੀ.ਐੱਡ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਅਸਾਵੇਂ ਅਤੇ ਅਸੁਖਾਵੇਂ ਰਾਹਾਂ ‘ਤੇ ਤੁਰਦਿਆਂ ਆਪਣੀ ਦ੍ਰਿੜਤਾ, ਮਿਹਨਤ ਅਤੇ ਲਗਨ ਨਾਲ ਰਾਜਨੀਤੀ ਸ਼ਾਸਤਰ ਅਤੇ ਪੰਜਾਬੀ ਵਿਸ਼ਿਆਂ ਵਿੱਚ ਐੱਮਏ ਅਤੇ ਸਾਲ 1993 ਵਿੱਚ ਐੱਮ.ਫਿਲ. ਕੀਤੀ। ਸਾਲ 1999 ਵਿੱਚ ਨੈੱਟ (ਯੂਜੀਸੀ) ਦਾ ਵਕਾਰੀ ਇਮਤਿਹਾਨ ਪਾਸ ਕੀਤਾ ਅਤੇ ਸਾਲ 2006 ਵਿੱਚ ਪੰਜਾਬੀ ਨਾਵਲ ‘ਤੇ ਖੋਜ ਕਾਰਜ ਕਰਦਿਆਂ ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਦੀ ਦੇਖ ਰੇਖ ਹੇਠ ਪੀ ਐੱਚ.ਡੀ. ਕੀਤੀ। ਸਾਲ 1993 ਵਿੱਚ ਸਿਰਫ 165 ਰੁਪਏ ਖਰਚ ਕੇ ਪੰਚਾਇਤ ਮੈਂਬਰ ਬਣ ਕੇ ਇਮਾਨਦਾਰ ਅਤੇ ਸਾਫ਼ ਸੁਥਰੀ ਰਾਜਨੀਤੀ ਦੀ ਮਿਸਾਲ ਵੀ ਪੇਸ਼ ਕੀਤੀ। ਰੁਜ਼ਗਾਰ ਖਾਤਰ ਸਾਲ 1993-94 ਦੌਰਾਨ ਇੰਦਰਾ ਗਾਂਧੀ ਕਾਲਜ , ਬੁਢਲਾਡਾ ਵਿਖੇ ਪ੍ਰਾਈਵੇਟ ਨੌਕਰੀ ਕੀਤੀ। ਕਹਿੰਦੇ ਨੇ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਲਗਨ , ਸਮਰਪਣ ਅਤੇ ਸੱਚੀ ਨੀਅਤ ਨਾਲ ਕੀਤੀ ਮਿਹਨਤ ਨੂੰ ਬੂਰ ਪਿਆ ਅਤੇ ਆਪ ਸਰਕਾਰੀ ਨੌਕਰੀ ਵਿੱਚ 24 ਫ਼ਰਵਰੀ 1994 ਨੂੰ ਬਤੌਰ ਸ.ਸ. ਮਾਸਟਰ ਨਿਯਕਤ ਹੋਏ। ਸਿੱਖਿਆ ਵਿਭਾਗ ’ਚ ਆਪ ਨੇ ਇਮਾਨਦਾਰੀ, ਸਮਰਪਣ ਅਤੇ ਲਗਨ ਨਾਲ ਇੰਨ੍ਹੀ ਮਿਹਨਤ ਕੀਤੀ ਕਿ ਆਪ ਦੀਆਂ ਬਿਮਸਾਲੀ ਸੇਵਾਵਾਂ ਦਾ ਸਨਮਾਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਾਲ 2008 ਵਿੱਚ ਰਾਜ ਪੱਧਰੀ ਅਧਿਆਪਕ ਪੁਰਸਕਾਰ (ਸਟੇਟ ਐਵਾਰਡ) ਨਾਲ ਨਿਵਾਜਿਆ । ਸਾਲ 2012 ਵਿੱਚ ਬਤੌਰ ਲੈਕਚਰਾਰ ਪਦ-ਉੱਨਤ ਹੋਏ ਅਤੇ ਰਾਜਨੀਤੀ ਵਿਗਿਆਨ ਵਿਸ਼ਾ ਪੜ੍ਹਾਉਣਾ ਸ਼ੁਰੂ ਕੀਤਾ । ਡਾ. ਵੈਰਾਗੀ ਨੇ ਹਜ਼ਾਰਾਂ ਨਹੀਂ, ਸਗੋਂ ਬਲਕਿ ਲੱਖਾਂ ਵਿਦਿਆਰਥੀਆਂ ਦੇ ਜੀਵਨ ਨੂੰ ਸਿੱਖਿਆ ਦੇ ਚਾਨਣ ਨਾਲ ਰੁਸ਼ਨਾਇਆ। ਇਨ੍ਹਾਂ ਦੇ ਨਿਖਾਰੇ ਤੇ ਸੰਵਾਰੇ ਕਿੰਨੇ ਹੀ ਵਿਦਿਆਰਥੀ ਅੱਜ ਆਪਣੀ ਪ੍ਰਤਿਭਾ ਕਾਰਨ ਵੱਖ-ਵੱਖ ਖੇਤਰਾਂ ਵਿੱਚ ਸਫ਼ਲ ਹੋਏ। ਜ਼ਿੰਦਗੀ ਦੀ 32 ਸਾਲ ਮਿਸਾਲੀ ਅਧਿਆਪਨ ਸੇਵਾ ਦੌਰਾਨ ਹਰਮਨ-ਪਿਆਰੇ ਅਧਿਆਪਕ ਰਹੇ । ਹਾਲ ਪੁੱਛਣ ‘ਤੇ ‘ਟਾਹਲੀ ਵਰਗਾ’ ਕਹਿਣ ਵਾਲੇ ਡਾ. ਵੈਰਾਗੀ ਜ਼ਿੰਦਗੀ ਦੇ ਵਰ੍ਹਿਆਂ ਦੀ ਗਿਣਤੀ ਦੇ ਮਾਪ ਨੂੰ ‘ਸ਼ੱਕੀ’ ਕਰਦਾ ਜਾਪਦੇ ਨੇ। ਉਨ੍ਹਾਂ ਨੂੰ ਮਿਲ ਇੰਝ ਲੱਗਦਾ ਹੈ ਕਿ ਪਹਿਲਾਂ ਕਿਉਂ ਨਾ ਮਿਲੇ । ਪਿਤਾ ਦੇ ਵਿਰਾਸਤੀ ਗੁਣਾਂ ਨੂੰ ਅਪਣਾਉਂਦੇ ਹੋਏ ਉਨ੍ਹਾਂ ਦੇ ਸਪੁੱਤਰ ਮਨਮੀਤ ਅੱਜ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਵਜੋਂ ਦੇਸ਼ ਦੀ ਸੇਵਾ ਕਰ ਰਹੇ ਹਨ । ਸਾਹਿਤਕ ਅਤੇ ਕਲਾਤਮਿਕ ਬਿਰਤੀਆਂ ਦੇ ਧਾਰਨੀ ਡਾ. ਵੈਰਾਗੀ ਬੁਢਲਾਡਾ ਸਾਹਿਤ ਸਭਾ ਦੇ ਪ੍ਰਧਾਨ ਤੋਂ ਇਲਾਵਾ ਕਈ ਸਮਾਜ-ਸੇਵੀ ਅਤੇ ਲੋਕ-ਕਲਿਆਣ ਸੰਸਥਾਵਾਂ ਦੇ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅੱਜ 31 ਜਨਵਰੀ, 2026 ਨੂੰ ਜਦੋਂ ਤਿੰਨ ਦਹਾਕਿਆਂ ਤੋਂ ਵੱਧ ਦੀ ਅਧਿਆਪਕ ਸੇਵਾ ਨਿਭਾ ਕੇ ਸਿੱਖਿਆ ਵਿਭਾਗ ਵਿੱਚੋਂ ਸੇਵਾ-ਮੁਕਤ ਹੋ ਰਹੇ ਹਨ ਤਾਂ ਸੰਸਥਾ ਮੁੱਖੀ ਡਾ. ਬੂਟਾ ਸਿੰਘ ਸੇਖੋਂ , ਸਮੁੱਚਾ ਸਟਾਫ, ਸਿਖਿਆਰਥੀ ਤੇ ਸਿੱਖਿਆ ਵਿਭਾਗ ਉਨ੍ਹਾਂ ਦੀ ਸੇਵਾ ਨੂੰ ਨਮਨ ਕਰਦਾ ਹੋਇਆ ਜ਼ਿੰਦਗੀ ਦੇ ਅਗਲੇਰੇ ਪੜਾਅ ਲਈ ਸ਼ੁਭ ਕਾਮਨਾਵਾਂ ਦੇ ਰਿਹਾ ਹੈ। ਸ਼ਾਲਾ ! ਇਹ ਚੌਮੁਖੀਆ ਦੀਵਾ ਚਹੁੰ ਦਿਸ਼ਾਵਾਂ ਵਿੱਚ ਆਪਣਾ ਚਾਣਨ ਬਿਖੇਰਦਾ ਰਹੇ ਅਤੇ ਸਮਾਜ ਦੇ ਚਾਰੇ ਕੋਨੇ ਰੁਸ਼ਨਾਉਂਦਾ ਰਹੇ !