ਚੈਲੇਂਜਰ ਕੱਪ ਟੂਰਨਾਮੈਂਟ ਕਰਵਾਇਆ
ਚੈਲੇਂਜਰ ਕੱਪ ਟੂਰਨਾਮੈਂਟ ਅਧੀਨ ਨਾਈਟ
Publish Date: Thu, 19 Feb 2026 05:36 PM (IST)
Updated Date: Thu, 19 Feb 2026 05:39 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਚੈਲੇਂਜਰ ਕੱਪ ਟੂਰਨਾਮੈਂਟ ਅਧੀਨ ਨਾਈਟ ਮੈਚ ਵਿੱਚ ਟੀਐੱਨਐੱਮ ਗਾਜ਼ੀਆਬਾਦ ਅਤੇ ਐੱਲਬੀਐੱਸ ਭੋਪਾਲ ਦਰਮਿਆਨ ਰੋਮਾਂਚਕ ਮੁਕਾਬਲਾ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਐੱਨਐੱਮ ਗਾਜ਼ੀਆਬਾਦ ਦੀ ਟੀਮ ਨੇ 199 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ ਐੱਲਬੀਐੱਸ ਭੋਪਾਲ ਵੱਲੋਂ ਓਪਨਰ ਬੱਲੇਬਾਜ਼ ਪ੍ਰਿਯਾਂਸ਼ ਅਰਿਆ ਨੇ ਸਿਰਫ਼ 24 ਗੇਂਦਾਂ ਵਿੱਚ 87 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਇਸ ਤਰ੍ਹਾਂ ਨਾਈਟ ਮੈਚ ਵਿੱਚ ਐੱਲਬੀਐੱਸ ਭੋਪਾਲ ਨੇ ਜਿੱਤ ਹਾਸਲ ਕੀਤੀ। ਮੈਚ ਦੌਰਾਨ ਅਜੈ ਕੁਮਾਰ ਸਰਮੇਗਾ (ਜੰਮੂ) ਨੇ ਆਪਣੀ ਪ੍ਰਭਾਵਸ਼ਾਲੀ ਕਮੈਂਟਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਐੱਸਡੀਐੱਮ ਮਾਨਸਾ ਕਾਲਾ ਰਾਮ ਕੰਸਲ ਅਤੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਜਗਮੋਹਨ ਸਿੰਘ, ਗੁਰਪ੍ਰੀਤ ਮੋਨੀ, ਸਹਿਜਪ੍ਰੀਤ ਅਤੇ ਰਾਜਦੀਪ ਖਾਬਰ ਵੱਲੋਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਬਾਬਾ ਦੀਪ ਸਿੰਘ ਸਪੋਰਟਸ ਕੈਂਪ, ਵੈੱਲਫ਼ੇਅਰ ਕਲੱਬ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਅਤੇ ਉਨ੍ਹਾਂ ਦੇ ਵਿਅਕਤੀਤਵ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਮੈਚ ਉਪਰੰਤ ਪ੍ਰਿਯਾਂਸ਼ ਅਰਿਆ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ਼ ਦ ਮੈਚ ਐਲਾਨ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜਤਿੰਦਰ ਅਗਰਾ ਵੱਲੋਂ ਸਮੂਹ ਆਰਗੇਨਾਈਜ਼ਰਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਵਿਨੈ ਪਾਲ, ਚਰਨਜੀਤ ਗਰੇਵਾਲ, ਕੇਵਲ ਸ਼ਰਮਾ, ਕਸਤੂਰੀ ਸਬ ਅਤੇ ਵਿਸ਼ਾਲ ਸ਼ਰਮਾ ਵੀ ਹਾਜ਼ਰ ਰਹੇ। ਸਭ ਨੇ ਮਿਲ ਕੇ ਖਿਡਾਰੀ ਨੂੰ ਵਧਾਈ ਦਿੱਤੀ ਅਤੇ ਟੂਰਨਾਮੈਂਟ ਦੀ ਸਫਲਤਾ ’ਤੇ ਖੁਸ਼ੀ ਜ਼ਾਹਰ ਕੀਤੀ।