ਕੇਂਦਰ ਦਾ ਵਿਕਾਸ ਕਿਸਾਨਾਂ ਲਈ ਵਿਨਾਸ਼ ਸਾਬਤ ਹੋ ਰਿਹਾ : ਗੁਰਪ੍ਰੀਤ ਵਿੱਕੀ
ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ ਨੇ ਅੱਜ
Publish Date: Thu, 26 Mar 2026 05:44 PM (IST)
Updated Date: Thu, 26 Mar 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ ਨੇ ਸੱਦਾ ਸਿੰਘ ਵਾਲਾ ਤੋਂ ਥਰਮਲ ਪਲਾਂਟ ਤਲਵੰਡੀ ਸਾਬੋ ਤੱਕ ਤਕਰੀਬਨ 15-16 ਸਾਲ ਪਹਿਲਾਂ ਬਣਾਈ ਗਈ ਰੇਲਵੇ ਲਾਈਨ ਕਾਰਨ ਛੇ ਪਿੰਡਾਂ ਦੇ ਕਿਸਾਨਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਬਾਰੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਜਦੋਂ ਇਹ ਰੇਲਵੇ ਲਾਈਨ ਬਣਾਈ ਗਈ ਸੀ, ਉਸ ਸਮੇਂ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਸੜਕਾਂ ਬਣਾਈਆਂ ਜਾਣਗੀਆਂ ਅਤੇ ਯੋਗ ਸੰਖਿਆ ਵਿੱਚ ਅੰਡਰਪਾਸ ਦਿੱਤੇ ਜਾਣਗੇ ਤਾਂ ਜੋ ਕਿਸਾਨ ਆਪਣੀ ਜ਼ਮੀਨ ਤੱਕ ਆਸਾਨੀ ਨਾਲ ਪਹੁੰਚ ਸਕਣ। ਪਰ 16 ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ। ਇਸ ਰੇਲਵੇ ਲਾਈਨ ਨੇ ਕਿਸਾਨਾਂ ਦੀ ਜ਼ਮੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ, ਜਿਸ ਕਰ ਕੇ ਉਨ੍ਹਾਂ ਲਈ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਅੰਡਰਪਾਸ ਅਤੇ ਰਸਤੇ ਨਾ ਹੋਣ ਕਰਕੇ ਕਿਸਾਨਾਂ ਨੂੰ ਰੋਜ਼ਾਨਾ ਲੰਮੇ ਅਤੇ ਖਤਰਨਾਕ ਰਸਤੇ ਅਪਣਾਉਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਵਿੱਕੀ ਨੇ ਇਹ ਵੀ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕ ਰੇਲਵੇ ਅਤੇ ਵੇਦਾਂਤਾ ਕੰਪਨੀ ਕੋਲ ਆਪਣੀਆਂ ਮੰਗਾਂ ਰੱਖਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਢੰਗ ਦੀ ਸਹੂਲਤ ਜਾਂ ਮੁਆਵਜ਼ਾ ਨਹੀਂ ਮਿਲਿਆ। ਇਸ ਕਾਰਨ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਅਤੇ ਪਰੇਸ਼ਾਨੀ ਹੈ। ਉਨ੍ਹਾਂ ਕਿਹਾ ਕਿ ਇਸ ਰੇਲਵੇ ਲਾਈਨ ਕਾਰਨ ਛੇ ਪਿੰਡਾਂ ਦੀ ਜ਼ਮੀਨ ਦੀ ਕੀਮਤ ਵੀ ਕਾਫ਼ੀ ਘੱਟ ਹੋ ਗਈ ਹੈ। ਖ਼ਾਸ ਕਰਕੇ ਪਿੰਡ ਕੋਟਲੀ ਕਲਾ ਵਿੱਚ, ਜਿੱਥੇ ਇਹ ਰੇਲਵੇ ਲਾਈਨ ਲਗਭਗ 5-6 ਕਿਲੋਮੀਟਰ ਦੇ ਘੇਰੇ ਵਿੱਚ ਘੁੰਮਦੀ ਹੈ, ਉੱਥੇ ਵੱਡੇ ਪੱਧਰ ’ਤੇ ਜ਼ਮੀਨ ਬਰਬਾਦ ਹੋ ਚੁੱਕੀ ਹੈ ਅਤੇ ਕਿਸਾਨ ਭਾਰੀ ਨੁਕਸਾਨ ਝੱਲ ਰਹੇ ਹਨ। ਉਨ੍ਹਾਂ ਨੇ ਇਹ ਵੀ ਚਿੰਤਾ ਜਤਾਈ ਕਿ ਭਵਿੱਖ ਵਿੱਚ ਸੱਦਾ ਸਿੰਘ ਵਾਲਾ ਤੋਂ ਤਲਵੰਡੀ ਸਾਬੋ, ਦਮਦਮਾ ਸਾਹਿਬ (ਤਖ਼ਤ ਸ੍ਰੀ ਦਮਦਮਾ ਸਾਹਿਬ) ਤੱਕ ਨਵੀਂ ਰੇਲਵੇ ਲਾਈਨ ਬਣਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਗਲਤੀਆਂ ਤੋਂ ਸੀਖ ਲੈਂਦੇ ਹੋਏ ਅਗਲੇ ਪ੍ਰਾਜੈਕਟਾਂ ਵਿੱਚ ਕਿਸਾਨਾਂ ਦੇ ਹੱਕਾਂ ਦੀ ਪੂਰੀ ਰੱਖਿਆ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਵੀਂ ਰੇਲਵੇ ਲਾਈਨਾਂ ਬਣਾਉਣ ਤੋਂ ਪਹਿਲਾਂ ਯੋਗ ਸੰਖਿਆ ਵਿੱਚ ਅੰਡਰਪਾਸ ਅਤੇ ਓਵਰਪਾਸ ਬਣਾਏ ਜਾਣ ਤੇ ਰੇਲਵੇ ਲਾਈਨਾਂ ਦੇ ਬਰਾਬਰ ਪੱਕੇ ਰਸਤੇ ਬਣਾਏ ਜਾਣ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਜਮੀਨਾਂ ਅੰਦਰ ਸੁਖਾਲਾ ਜਾਇਆ ਜਾ ਸਕੇ। ਉਨ੍ਹਾਂ ਵੇਦਾਂਤਾ ਕੰਪਨੀ ਨੂੰ ਸੀਐੱਚਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਫੰਡ. ਜਾਰੀ ਕਰਨ ਦੀ ਮੰਗ ਕੀਤੀ ਤਾ ਜੋ ਪਿੰਡਾਂ ਦੇ ਵਿਕਾਸ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਇਸ ਨੂੰ ਸਮੇਂ ਸਿਰ ਵਰਤਿਆ ਜਾਵੇ। ਅੰਤ ਵਿੱਚ ਗੁਰਪ੍ਰੀਤ ਸਿੰਘ ਵਿਕੀ ਨੇ ਕਿਹਾ ਕਿ ਵਿਕਾਸ ਦੇ ਨਾਂ ’ਤੇ ਕਿਸਾਨਾਂ ਦੀ ਰੋਜ਼ੀ ਰੋਟੀ ਨਾਲ ਖੇਡ ਨਹੀਂ ਹੋਣਾ ਚਾਹੀਦਾ। ਜੇਕਰ ਸਰਕਾਰ ਨੇ ਸਮੇਂ ਸਿਰ ਇਹ ਮਸਲੇ ਹੱਲ ਨਾ ਕੀਤੇ ਤਾਂ ਪਿੰਡਾਂ ਵਿੱਚ ਗੁੱਸਾ ਹੋਰ ਵੱਧੇਗਾ। ਵਿਕਾਸ ਉਹੀ ਸੱਚਾ ਹੈ, ਜੋ ਸਭ ਨੂੰ ਨਾਲ ਲੈ ਕੇ ਚੱਲੇ-ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਕੇ ਨਹੀਂ। ਇਸ ਮੌਕੇ ਮਲਕੀਤ ਸਿੰਘ ਕੋਟਲੀ, ਹੰਸਾ ਸਿੰਘ ਕੋਟਲੀ ਕਲਾਂ, ਬੂਟਾ ਸਿੰਘ, ਰਾਜੀਵ ਭੋਲਾ, ਬਲਜੀਤ ਸਿੰਘ, ਜਗਜੀਤ ਸਿੰਘ ਪੰਚ, ਸੁਖਦੇਵ ਸਿੰਘ, ਗੁਰਸੇਵਕ ਸਿੰਘ ਕੋਟਲੀ, ਹਰਪ੍ਰੀਤ ਸਿੰਘ ਪੰਚ, ਭੋਲਾ ਸਿੰਘ, ਕਾਲਾ ਸਿੰਘ, ਮਿੱਠੂ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਕਮਲ ਸਿੰਘ ਤੇ ਹੋਰ ਕੋਟਲੀ ਕਲਾਂ ਵਾਸੀ ਮੌਜੂਦ ਸਨ।