ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
ਕੇਂਦਰ ਦੀ ਭਾਜਪਾ ਮੋਦੀ ਸਰਕਾਰ
Publish Date: Thu, 26 Feb 2026 05:46 PM (IST)
Updated Date: Thu, 26 Feb 2026 05:49 PM (IST)
- ਰਾਹੁਲ ਗਾਂਧੀ ਦੀ 28 ਫ਼ਰਵਰੀ ਨੂੰ ਰੈਲੀ ’ਚ ਸ਼ਾਮਲ ਹੋਣ ਦਾ ਕੀਤਾ ਐਲਾਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਕੇਂਦਰ ਸਰਕਾਰ ਵੱਲੋਂ ‘ਜੀ ਰਾਮ ਜੀ’ ਦੇ ਨਾਂ ਹੇਠ ਮਨਰੇਗਾ ਰੁਜ਼ਗਾਰ ਨੂੰ ਖ਼ਤਮ ਕਰਨ ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਨੂੰ ਤੇਜ਼ ਕਰਨ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਦੀ ਅਗਵਾਈ ਹੇਠ ਮਜ਼ਦੂਰ ਆਗੂਆਂ ਨੇ ਇੰਦਰਾ ਕਾਂਗਰਸ ਭਵਨ ਨਵੀਂ ਦਿੱਲੀ ਵਿਖੇ ਇੰਡੀਆ ਕਾਂਗਰਸ ਪਾਰਟੀ ਦੇ ਆਗੂ ਤੇ ਸੰਸਦ ਅੰਦਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਭਗਵੰਤ ਸਮਾਓਂ ਨੇ ਦੱਸਿਆ ਕਿ ਸੰਸਦ ਅੰਦਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਭਾਰਤ, ਅਮਰੀਕਾ ਵਪਾਰਕ ਸਮਝੌਤੇ ਕਾਰਨ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ, ਮਨਰੇਗਾ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਬਚਾਉਣ ਸਮੇਤ ਯੂਜੀਸੀ ਦੇ ਨਵੇਂ ਨਿਯਮਾਂ ਦੀ ਬਹਾਲੀ, ਨਵੀਂ ਸਿੱਖਿਆ ਨੀਤੀ, ਨਵੇਂ ਬਿਜਲੀ ਬਿੱਲ, ਬੇਜ਼ਮੀਨੇ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ, ਸਮੁੱਚੇ ਦੇਸ਼ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ, ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਅਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ’ਤੇ ਕੀਤੇ ਅਣਮਨੁੱਖੀ ਤਸ਼ੱਦਦ ਮੁੱਦਿਆਂ ’ਤੇ ਚਰਚਾ ਕੀਤੀ ਗਈ ਅਤੇ ਭਵਿੱਖ ਵਿੱਚ ਭਾਜਪਾ ਦੇ ਮਨੂਵਾਦੀ ਮਨਸੂਬਿਆਂ ਖ਼ਿਲਾਫ਼ ਦਲਿਤਾਂ, ਮਜ਼ਦੂਰਾਂ ਦੇ ਸਾਂਝੇ ਸੰਵਿਧਾਨ ਬਚਾਓ, ਆਜ਼ਾਦੀ ਬਚਾਓ ਵਿਸ਼ਾਲ ਅੰਦੋਲਨ ਦੀ ਲਾਮਬੰਦੀ ਕਰਨ ਲਈ ਪੰਜਾਬ ਸਮੇਤ ਦੇਸ਼ ਭਰ ਦੀਆਂ ਅੰਬੇਡਕਰਵਾਦੀ ਧਿਰਾਂ ਨੂੰ ਇੱਕਜੁੱਟ ਕਰਨ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਮਨਰੇਗਾ ਬਚਾਓ ਸੰਗਰਾਮ ਚਲਾ ਰਹੀ ਹੈ ਅਤੇ 28 ਫ਼ਰਵਰੀ ਨੂੰ ਪੰਜਾਬ ਬਰਨਾਲਾ ਵਿਖੇ ਰਾਹੁਲ ਗਾਂਧੀ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਵਿੱਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਮਜ਼ਦੂਰਾਂ ਦਾਂ ਵੱਡਾ ਜਥਾ ਰੈਲੀ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਪ੍ਰਮੁੱਖ ਮਜ਼ਦੂਰ ਲੀਡਰ ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਰੋਹੀ ਸਿੰਘ ਗੋਬਿੰਦਗੜ੍ਹ ਦਿੱਲੀ ਇੰਦਰਾ ਕਾਂਗਰਸ ਭਵਨ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਏ।