ਜਨਤਕ ਥਾਵਾਂ ਤੇ ਸਿਗਰਟ ਪੀਣ ਵਾਲਿਆਂ ਨੂੰ ਕੀਤਾ ਜੁਰਮਾਨਾ : ਸਿਵਲ ਸਰਜਨ
ਡਿਪਟੀ ਕਮਿਸ਼ਨਰ ਮਾਨਸਾ ਕਮ ਚੈਅਰਪਰਸਨ
Publish Date: Fri, 30 Jan 2026 06:02 PM (IST)
Updated Date: Sat, 31 Jan 2026 04:08 AM (IST)
-ਕਿਹਾ, ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦਰਸ਼ਨ ਸਿੰਘ ਧਾਲੀਵਾਲ ਸਹਾਇਕ ਜ਼ਿਲ੍ਹਾ ਨੋਡਲ ਅਫਸਰ ਤੰਬਾਕੂ ਕੰਟਰੋਲ ਐਕਟ 2003 ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਅਸ਼ਵਨੀ ਕੁਮਾਰ ਸ਼ਰਮਾ, ਖੁਸਵਿੰਦਰ ਸਿੰਘ, ਜਰਨੈਲ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਤੇ ਜਸਵੀਰ ਸਿੰਘ ਸੈਕਟਰੀ ਯੂਥ ਵੈਲਫ਼ੇਅਰ ਕਲੱਬ ਦੇ ਸਹਿਯੋਗ ਨਾਲ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣਾ ਕਰਨ ਤੇ ਦੁਕਾਨਾਂ/ਖੋਖਿਆਂ ਤੇ ਜਨਤਕ ਥਾਵਾਂ ’ਤੇ ਤੰਬਾਕੂ ਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ।
ਉਨ੍ਹਾਂ ਨੂੰ ਤੰਬਾਕੂ ਸੇਵਨ ਨਾਲ ਸਰੀਰ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਟੀਮ ਵੱਲੋਂ ਸ਼ਹਿਰੀ ਖੇਤਰ ਦੇ ਜਨਤਕ ਸਥਾਨਾਂ/ਸਕੂਲਾਂ ਦੇ ਨੇੜੇ ਜਾ ਕੇ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ ਤੇ ਜਨਤਕ ਥਾਵਾਂ ਆਦਿ ਦੀ ਚੈਕਿੰਗ ਕੀਤੀ ਤੇ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਖੁੱਲ੍ਹੀਆਂ ਸਿਗਰਟਾਂ ਦੀ ਵਿਕਰੀ, ਦੁਕਾਨਾਂ ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਵਾਲੇ ਸਾਈਨ ਬੋਰਡ ਨਾ ਲਗਾ ਕੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦਾ ਕੋਟਪਾ ਐਕਟ ਤਹਿਤ ਚਲਾਨ ਕੀਤੇ ਗਏ। ਅੱਜ ਮਾਨਸਾ ਸ਼ਹਿਰ ਵਿਖੇ ਨੇੜੇ ਪੁਰਾਣੀ ਸਬਜ਼ੀ ਮੰਡੀ, ਭੱਠਾ ਬਸਤੀ ਵਿਖੇ ਦੁਕਾਨਦਾਰਾਂ ਖੋਖਿਆਂ ਤੇ ਪਬਲਿਕ ਥਾਵਾਂ ’ਤੇ ਤੰਬਾਕੂ ਦਾ ਸੇਵਨ ਕਰ ਰਹੇ ਸਨ। ਉਨ੍ਹਾਂ ਦੇ 7 ਚਲਾਨ ਕੱਟ ਕੇ ਨਗਦ ਜੁਰਮਾਨਾ ਵਸੂਲ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੁਚਨਾ ਅਫ਼ਸਰ ਵਿਜੈ ਕੁਮਾਰ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਤਾਂ ਜੋ ਕੋਟਪਾ 2003 ਨੂੰ ਲਾਗੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਐਕਟ ਦੀ ਧਾਰਾ 6 ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਵਿਚ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਮਨਾਹੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਆਉਂਦੇ ਸਮੇਂ ਵਿਚ ਵੀ ਖਾਣ ਪੀਣ ਦੀਆਂ ਵਸਤੂਆਂ ਦੇ ਨਾਲ ਨਾਲ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ, ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ ਅਤੇ ਕਿਤੇ ਵੀ ਐਕਟ ਉਲੰਘਣਾ ਹੋਣ ‘ਤੇ ਜੁਰਮਾਨਾ ਕੀਤਾ ਜਾਵੇਗਾ।