ਪੱਤਰਕਾਰਾਂ ਤੇ ਆਰਟੀਆਈ ’ਤੇ ਦਰਜ ਕੇਸ ਵਾਪਸ ਲਵੇ ਸਰਕਾਰ : ਡੀਟੀਐੱਫ
ਮੁੱਖ ਮੰਤਰੀ ਦੇ ਜਪਾਨ ਦੌਰੇ ਦੌਰਾਨ ਪੰਜਾਬ
Publish Date: Fri, 02 Jan 2026 05:34 PM (IST)
Updated Date: Sat, 03 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਦੇ ਜਪਾਨ ਦੌਰੇ ਦੌਰਾਨ ਪੰਜਾਬ ਵਿੱਚ ਹੈਲੀਕਾਪਟਰ ਦੀ ਹੋਈ ਵਰਤੋਂ ਨੂੰ ਲੈ ਕੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਮਨਿੰਦਰਜੀਤ ਸਿੱਧੂ, ਮਿੰਟੂ ਗੁਰੂਸਰੀਆ ਅਤੇ ਆਰਟੀਆਈ ਐਕਟੀਵਿਸਟ ਮਾਣਿਕ ਗੋਇਲ ਸਮੇਤ 10 ਪੱਤਰਕਾਰਾਂ ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਕੇਸ ਦਰਜ ਕਰਨ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀਟੀਐੱਫ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਇਹ ਕੇਸ ਦਰਜ ਕਰਨਾ ਬੋਲਣ ਦੀ ਆਜ਼ਾਦੀ ਤੇ ਹਮਲਾ ਹੈ ਅਤੇ ਪੰਜਾਬ ਦੇ ਲੋਕ ਇਸਨੂੰ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਪੰਜਾਬ ’ਚ ਅਣਐਲਾਨੀ ਐਮਰਜੇਂਸੀ ਵਰਗੇ ਹਾਲਾਤ ਬਣੇ ਹੋਏ ਹਨ। ਸਰਕਾਰ ਨੂੰ ਸਵਾਲ ਕਰਨ ਵਾਲੇ ਲੋਕ ਜਾਂ ਪੱਤਰਕਾਰ ਤੇ ਲੋਕਾਂ ਲਈ ਲੜ ਰਹੀਆਂ ਜਥੇਬੰਦੀਆਂ ਦੇ ਆਗੂਆਂ ਤੇ ਕੇਸ ਪਾ ਕੇ ਜ਼ੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਡੱਕਣ ਦੀ ਵੀ ਸਖ਼ਤ ਨਿਖੇਧੀ ਕੀਤੀ। ਡੀਟੀਐਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਨਵੀਨ ਬੋਹਾ ਤੇ ਗੁਰਪ੍ਰੀਤ ਭੀਖੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਰੈਲੀਆਂ ’ਚ ਬੋਲਦੇ ਸਮੇਂ ਲੋਕਾਂ ਨੂੰ ਸਵਾਲ ਪੁੱਛਣ ਬਾਰੇ ਕਹਿੰਦਾ ਹੁੰਦਾ ਸੀ ਪਰ ਹੁਣ ਸਰਕਾਰ ਬਣਨ 'ਤੇ ਜੇ, ਕੋਈ ਸਵਾਲ ਕਰਦਾ ਹੈ ਤਾਂ ਉਸ ‘ਤੇ ਕੇਸ ਪਾ ਦਿੱਤਾ ਜਾਂਦਾ ਹੈ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰਪਾਲ ਸਿੰਘ ਨੇ ਮੰਗ ਕੀਤੀ ਕਿ ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਤੇ ਜਥੇਬੰਦਕ ਆਗੂਆਂ ’ਤੇ ਪਾਏ ਕੇਸ ਤਰੰਤ ਵਾਪਸ ਲਏ ਜਾਣ, ਨਹੀਂ ਤਾਂ ਭਵਿੱਖ ’ਚ ਸਰਕਾਰ ਨੂੰ ਲੋਕਾਂ ਦੇ ਵੱਡੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।