ਮਾਨਸਾ ’ਚ ਨੌਜਵਾਨ ਦੀ ਮੌਤ ਮਾਮਲੇ ’ਚ ਪਨਗ੍ਰੇਨ ਇੰਸਪੈਕਟਰ ਸਮੇਤ ਪੰਜ ’ਤੇ ਕੇਸ ਦਰਜ
ਮਾਨਸਾ ’ਚ ਨੌਜਵਾਨ ਗੁਰਜੰਟ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ’ਚ ਥਾਣਾ ਸਦਰ ਮਾਨਸਾ ਪੁਲਿਸ ਨੇ ਪਨਗ੍ਰੇਨ ਇੰਸਪੈਕਟਰ ਰਾਜੇਸ਼ ਕੁਮਾਰ, ਮੁਨਸ਼ੀ ਕੇਵਲ ਸਿੰਘ ਅਤੇ ਫ਼ੈਕਟਰੀ ਮਾਲਕ ਵਰੁਨ ਜਿੰਦਲ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Publish Date: Thu, 26 Feb 2026 08:20 PM (IST)
Updated Date: Thu, 26 Feb 2026 08:21 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ’ਚ ਨੌਜਵਾਨ ਗੁਰਜੰਟ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ’ਚ ਥਾਣਾ ਸਦਰ ਮਾਨਸਾ ਪੁਲਿਸ ਨੇ ਪਨਗ੍ਰੇਨ ਇੰਸਪੈਕਟਰ ਰਾਜੇਸ਼ ਕੁਮਾਰ, ਮੁਨਸ਼ੀ ਕੇਵਲ ਸਿੰਘ ਅਤੇ ਫ਼ੈਕਟਰੀ ਮਾਲਕ ਵਰੁਨ ਜਿੰਦਲ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਨਸਾ ਪੁਲਿਸ ਨੇ ਇਹ ਕਾਰਵਾਈ ਮ੍ਰਿਤਕ ਦੇ ਪਿਤਾ ਕਿਰਨਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਕੀਤੀ ਹੈ।
ਮ੍ਰਿਤਕ ਗੁਰਜੰਟ ਸਿੰਘ 20 ਸਾਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਅਤੇ ਟ੍ਰੈਕਟਰ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਿਛਲੇ ਦਿਨੀਂ ਉਸ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਗੁਰਜੰਟ ਸਿੰਘ ਸਰਕਾਰੀ ਗੋਦਾਮ ਵਿੱਚੋਂ ਕਣਕ ਚੁੱਕ ਕੇ ਪਿੰਡ ’ਚ ਪਹੁੰਚਾਉਂਦਾ ਸੀ। ਹਾਲਾਂਕਿ, ਘਟਨਾ ਵਾਲੇ ਦਿਨ ਸਰਕਾਰੀ ਅਧਿਕਾਰੀਆਂ ਨੇ ਕਣਕ ਨੂੰ ਪਿੰਡ ਭੇਜਣ ਦੀ ਬਜਾਏ ਇਕ ਫਲੋਰ ਮਿੱਲ ’ਚ ਭੇਜ ਦਿੱਤਾ, ਜਿੱਥੇ ਗੁਰਜੰਟ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦਾ ਦਾਅਵਾ ਹੈ ਕਿ ਫਲੋਰ ਮਿੱਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਮਾਲਕਾਂ ਦੁਆਰਾ ਪਹਿਲਾਂ ਹੀ ਡਿਲੀਟ ਕਰ ਦਿੱਤੀ ਗਈ ਸੀ।
ਮ੍ਰਿਤਕ ਦੇ ਪਿਤਾ ਕਿਰਨਜੀਤ ਸਿੰਘ ਨੇ ਪਨਗ੍ਰੇਨ ਦੇ ਅਧਿਕਾਰੀਆਂ ’ਤੇ ਆਪਣੇ ਪੁੱਤਰ ਦੀ ਮੌਤ ਨੂੰ ਸ਼ੱਕੀ ਬਨਾਉਣ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਗੁਰਜੰਟ ਸਿੰਘ ਦੇ ਪਿਤਾ ਕਿਰਨਜੀਤ ਸਿੰਘ ਵੱਲੋਂ ਦਿੱਤੇ ਬਿਆਨਾਂ ਬਾਅਦ ਮਾਨਸਾ ਸਦਰ ਪੁਲਿਸ ਨੇ ਪਨਗ੍ਰੇਨ ਇੰਸਪੈਕਟਰ ਰਾਜੇਸ਼ ਕੁਮਾਰ, ਮੁਨਸ਼ੀ ਕੇਵਲ ਸਿੰਘ, ਫੈਕਟਰੀ ਮਾਲਕ ਵਰੁਨ ਜਿੰਦਲ ਅਤੇ ਦੋ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ।