- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੂਲਗੜ੍ਹ ਦੇ ਸਕੂਲ ਆਫ ਐਮੀਨੈਂਸ ਵਿੱਚ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਸਕੂਲ ਆਫ਼ ਐਮੀਨੈਂਸ ਵਿੱਚ ਸ਼ੈਸ਼ਨ 2026 - 27 ਲਈ ਬੱਚਿਆਂ ਦੇ ਦਾਖ਼ਲੇ ਨੂੰ ਲੈ ਪਿੰਡਾਂ ਵਿੱਚ ਦਾਖ਼ਲਾ ਪ੍ਰਚਾਰ ਵੈਨ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਅਨੁਸਾਰ ਪਿੰਡਾਂ ਵਿੱਚ ਬੱਚਿਆਂ ਨੂੰ ਸਕੂਲ ਆਫ ਐਮੀਨੈਂਸ ਬਾਰੇ ਜਾਗਰੂਕ ਕਰਨ ਲਈ ਵੈਨ ਨੂੰ ਰਵਾਨਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਬੱਚੇ ਸਕੂਲ ਆਫ਼ ਐਮੀਨੈਂਸ ਵਿੱਚ ਦਾਖ਼ਲੇ ਲਈ ਆਪਣੇ ਆਪ ਨੂੰ ਤਿਆਰ ਕਰਨ ਤੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਲਾਭ ਲੈ ਸਕਣ। ਪ੍ਰਿੰਸੀਪਲ ਮੈਡਮ ਦੇ ਦੱਸਣ ਮੁਤਾਬਕ ਸਕੂਲ ਆਫ਼ ਐਮੀਨੈਂਸ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਵਿਚ ਕੁੱਲ੍ਹ 36-36, ਗਿਆਰ੍ਹਵੀਂ ਤੇ ਬਾਰ੍ਹਵੀਂ ਦੀਆਂ ਜਮਾਤਾਂ ਵਿੱਚ 32-32 ਵਿਦਿਆਰਥੀਆਂ ਲਈ ਹੀ ਸੀਟਾਂ ਹਨ। ਜਦ ਪ੍ਰਿੰਸੀਪਲ ਨੂੰ ਇੰਨੀਆਂ ਘੱਟ ਸੀਟਾਂ ਹੋਣ ਦੇ ਬਾਵਜੂਦ ਵੀ ਪਿੰਡਾਂ ਵਿੱਚ ਦਾਖਲੇ ਲਈ ਪ੍ਰਚਾਰ ਵੈਨ ਭੇਜਿਆ ਜਾਣਾ ਕਿੰਨਾ ਕੁ ਜਾਇਜ਼ ਹੈ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਐਂਟਰੈਂਸ ਟੈਸਟ ਹੋਵੇਗਾ ਫ਼ਿਰ ਮੈਰਿਟ ਬਣੇਗੀ ਉਸ ਤੋਂ ਬਾਅਦ ਜੋ ਬੱਚੇ ਮੈਰਿਟ ਵਿੱਚ ਆਉਣਗੇ। ਉਨ੍ਹਾਂ ਨੂੰ ਹੀ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਮਿਲੇਗਾ। ਜਦੋਂ ਸਕੂਲ ਵਿੱਚ ਸਟਾਫ਼ ਸਬੰਧੀ ਮੈਡਮ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਵਿੱਚ 50 ਫ਼ੀਸਦੀ ਸਟਾਫ਼ ਹੀ ਹੈ। ਸਟਾਫ਼ ਘੱਟ ਹੋਣ ਕਾਰਨ ਬੱਚਿਆਂ ਨੂੰ ਪੜ੍ਹਾਉਣ ਲਈ ਟੀਚਰਾਂ ਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪੈ ਰਹੀ ਹੈ। ਦੱਸਣਯੋਗ ਹੈ ਕਿ ਹਾਲੇ ਤੱਕ ਸਕੂਲ ਆਫ਼ ਐਮੀਨੈਂਸ ਦੀ ਬਿਲਡਿੰਗ ਵੀ ਤਿਆਰ ਨਹੀਂ ਹੋ ਸਕੀ ਅਤੇ ਨਾ ਹੀ ਬੱਚਿਆਂ ਨੂੰ ਖੇਡਣ ਲਈ ਮੈਦਾਨ ਅਤੇ ਕੋਚ ਉਪਲਬਧ ਹਨ। ਜਦ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਸਮੇਂ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵੱਡੇ-ਵੱਡੇ ਸਬਜ਼ਬਾਗ ਦਿਖਾਏ ਗਏ ਸਨ। ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਬੱਚੇ ਬਹੁਤਿਆਂ ਸਹੂਲਤਾਂ ਤੋਂ ਸੱਖਣੇ ਹਨ। ਥੋੜ੍ਹਾ ਸਮਾਂ ਪਹਿਲਾਂ ਹੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਹ ਸਰਕਾਰ ਵਲੋਂ ਕੀਤੇ ਪ੍ਰਚਾਰ ਅਨੁਸਾਰ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਨ ਲਈ ਆਏ ਸਨ ਪਰ ਇੱਥੇ ਆ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੇ ਉਨ੍ਹਾਂ ਨੂੰ ਪੜ੍ਹਾਉਣ ਲਈ ਨਾ ਤਾਂ ਪੂਰ੍ਹੇ ਅਧਿਆਪਕ ਹਨ ਅਤੇ ਨਾ ਹੀ ਬੈਠਣ ਲਈ ਕਲਾਸ ਰੂਮ ਹਨ। ਵਿਦਿਆਰਥੀਆਂ ਨੇ ਸਰਕਾਰ ਤੋਂ ਸਕੂਲ ਵਿੱਚ ਅਧਿਆਪਕ ਪੂਰ੍ਹੇ ਕਰਨ ਦੀ ਮੰਗ ਰੱਖੀ ਸੀ ਜੋ ਕਿ ਹਲੇ ਤੱਕ ਨਹੀਂ ਹੋ ਸਕੀ ਅਤੇ ਇੱਕ ਵਾਰ ਫ਼ੇਰ ਸਕੂਲ ਆਫ਼ ਐਮੀਨੈਂਸ ਵੱਲੋਂ ਨਵੇਂ ਸੈਸ਼ਨ 2026-27 ਵਿੱਚ ਦਾਖਲੇ ਨੂੰ ਲੈ ਕੇ ਬੱਚਿਆਂ ਨੂੰ ਭਰਮਾਇਆ ਜਾ ਰਿਹਾ ਹੈ। ਦਾਖਲਾ ਪ੍ਰਚਾਰ ਵੈਨ ਨੂੰ ਰਵਾਨਾ ਕਰਨ ਸਮੇਂ ਪ੍ਰਧਾਨ ਪ੍ਰੇਮ ਕੁਮਾਰ ਗਰਗ ਕੌਂਸਲਰ ਵਿਰਸਾ ਸਿੰਘ ਆਤਮ ਪ੍ਰਕਾਸ਼ ਲੱਛੀ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਦਵਿੰਦਰ ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।