ਮਨਰੇਗਾ ਦੇ ਕੰਮ ਬੰਦ ਕਰ ਕੇ ਦੋਵੇਂ ਸਰਕਾਰਾਂ ਨੇ ਖੋਹਿਆ ਰੁਜ਼ਗਾਰ : ਮਜ਼ਦੂਰ ਮੁਕਤੀ ਮੋਰਚਾ
ਮਨਰੇਗਾ ਦੇ ਕੰਮ ਬੰਦ ਕਰਕੇ ਮੋਦੀ ਤੇ ਭਗਵੰਤ
Publish Date: Wed, 28 Jan 2026 07:14 PM (IST)
Updated Date: Thu, 29 Jan 2026 04:10 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਮਨਰੇਗਾ ਦੇ ਕੰਮ ਬੰਦ ਕਰਕੇ ਮੋਦੀ ਤੇ ਭਗਵੰਤ ਮਾਨ ਨੇ ਗਰੀਬਾਂ ਦੇ ਹੱਥਾਂ ਚੋਂ ਰੋਟੀ ਖੋਹ ਲਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਫੱਫੜੇ ਭਾਈਕੇ ਮਜ਼ਦੂਰ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਸੱਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ ਪਰ ਸਰਕਾਰ ਮਨਰੇਗਾ ਕਾਨੂੰਨ ਤਹਿਤ ਪੇਂਡੂ ਇਲਾਕੇ ’ਚ ਬੇਜ਼ਮੀਨੇ ਮਜ਼ਦੂਰਾਂ ਨੂੰ ਮਿਲਦਾ ਥੋੜ੍ਹਾ ਬਹੁਤ ਕੰਮ ਵੀ ਬੰਦ ਕਰ ਰਹੀ ਹੈ। 2022 ’ਚ ਕੀਤੀਆਂ ਗਰੰਟੀਆ ਲਾਗੂ ਕਰਨ ‘ਚ ਫੇਲ੍ਹ ਹੋਈ ਮਾਨ ਸਰਕਾਰ ਹੁਣ ਸਿਹਤ ਬੀਮਾ ਦੇ ਨਾਂ ਤੇ ਮੂਰਖ ਬਣਾ ਰਹੀ ਹੈ। ‘ਆਪ’ ਦੀ ਸਰਕਾਰ ਬੁਢਾਪਾ ਪੈਨਸ਼ਨ ਤੇ 2 ਰੁਪਏ ਵਾਲੀ ਕਣਕ ਤਾਂ ਦੇ ਨਹੀਂ ਸਕਦੀ 10 ਲੱਖ ਦਾ ਇਲਾਜ ਕਿੱਥੋਂ ਦੇ ਦੇਵੇਗੀ। ਭਾਜਪਾ ਮਨਰੇਗਾ ਦਾ ਨਾਮ ਭਾਵੇਂ ਜੀ ਮੋਦੀ ਜੀ ਰੱਖ ਲਵੇ ਪਰ ਮਜ਼ਦੂਰਾਂ ਨੂੰ 1000 ਰੁਪਏ ਦਿਹਾੜੀ ਤੇ ਤਿੰਨ ਸੌ ਦਿਨ ਕੰਮ ਦੇਵੇ। ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਤੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨਾ, ਨਵੇਂ ਕਿਰਤ ਕਾਨੂੰਨ, ਤੇ ਬਿਜਲੀ ਬਿੱਲ ਭਾਜਪਾ ਦੀ ਮੰਨੂਵਾਦੀ ਸੋਚ ਦਾ ਨਤੀਜਾ ਹੈ। ਮਨਰੇਗਾ ਰੁਜ਼ਗਾਰ ਦੀ ਰਾਖੀ ਲਈ ਤੇ ਨਵੇਂ ਕਿਰਤ ਕਾਨੂੰਨਾਂ ਖ਼ਿਲਾਫ਼ ਪੰਜਾਬ ਭਰ ਦੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ 28 ਫਰਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਵਿਸ਼ਾਲ ਮਜ਼ਦੂਰ ਰੈਲੀ ਕੀਤੀ ਜਾਵੇਗੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਆਗੂ ਸੱਤਪਾਲ ਸਿੰਘ ਬਹਿਣੀਵਾਲ, ਜ਼ਿਲ੍ਹਾ ਆਗੂ ਬਲਕਾਰ ਸਿੰਘ, ਗੁਰਜੰਟ ਸਿੰਘ ਫੱਫੜੇ, ਰਾਣੀ ਕੌਰ, ਗੁਰਲਾਲ ਸਿੰਘ, ਨੇ ਵੀ ਸੰਬੋਧਨ ਕੀਤਾ।