ਬਜ਼ੁਰਗ ਮਾਤਾ ਦੇ ਕੰਨਾਂ ਦੀਆਂ ਵਾਲ਼ੀਆਂ ਲੁੱਟ ਕੇ ਫ਼ਰਾਰ
ਸਰਦੂਲਗੜ੍ਹ ਬੱਸ ਸਟੈਂਡ
Publish Date: Sun, 08 Feb 2026 06:31 PM (IST)
Updated Date: Mon, 09 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਬੱਸ ਅੱਡੇ ’ਤੇ ਹਰ ਰੋਜ਼ ਕੋਈ ਨਾ ਕੋਈ ਲੁੱਟ ਦੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਜਦੋਂ ਇਕ ਬਜ਼ੁਰਗ ਮਾਤਾ ਦੇ ਕੰਨਾਂ ਵਿੱਚੋਂ ਦੀਆਂ ਵਾਲੀਆਂ ਲੁਟੇਰੇ ਲੁੱਟ ਕੇ ਲੈ ਗਏ। ਬਜ਼ੁਰਗ ਮਾਤਾ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਮੀਰਪੁਰ ਨੇ ਦੱਸਿਆ ਕਿ ਉਸ ਦੀ ਮਾਤਾ ਚਤਿੰਨ ਕੌਰ ਆਹਲੂਪੁਰ ਜਾਣ ਲਈ ਸਰਦੂਲਗੜ੍ਹ ਅੱਡੇ ’ਤੇ ਬੱਸ ਉਡੀਕ ਕਰ ਰਹੀ ਸੀ ਤਾਂ ਇਸ ਦੌਰਾਨ 3 ਅਣਪਛਾਤੇ ਵਿਅਕਤੀ ਅਤੇ ਇਤ ਔਰਤ ਨੇ ਮਾਤਾ ਨੂੰ ਗੱਲਾਂ ’ਚ ਲਗਾ ਕੇ ਉਸ ਨੂੰ ਕੁਝ ਖੁਆ ਦਿੱਤਾ ਤੇ ਉਨ੍ਹਾਂ ਦੇ ਕੰਨਾਂ ਵਿੱਚੋਂ ਕਰੀਬ ਇਕ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਪੀੜਤ ਮਾਤਾ ਵੱਲੋਂ ਸਰਦੂਲਗੜ੍ਹ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਮੀਰਪੁਰ ਨੇ ਕਿਹਾ ਕਿ ਸਰਦੂਲਗੜ੍ਹ ਸ਼ਹਿਰ ਵਿੱਚ ਹਰ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਉਨ੍ਹਾਂ ਦਾ ਸਾਰਾ ਕੰਟਰੋਲ ਸਰਦੂਲਗੜ੍ਹ ਥਾਣੇ ਕੋਲ ਹੈ। ਪੁਲਿਸ ਨੂੰ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਅਤੇ ਲੁਟੇਰਿਆਂ ਨੂੰ ਫੜ ਉਨ੍ਹਾਂ ਦੀ ਮਾਤਾ ਦੀਆਂ ਵਾਲੀਆਂ ਬਰਾਮਦ ਕਰਵਾਈਆਂ ਜਾਣ ਤੇ ਦੋਸ਼ੀਆਂ ’ਤੇ ਸਖ਼ਤ ਧਾਰਾਵਾਂ ਲਾ ਕੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ। ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਅਤੇ ਹੋਰ ਭੀੜ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਇਸ ਸਬੰਧੀ ਸਰਦੂਲਗੜ੍ਹ ਥਾਣਾ ਦੇ ਨਵੇਂ ਮੁਖੀ ਇੰਸਪੈਕਟਰ ਪੁਸ਼ਪਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਥਾਣੇ ਦਾ ਅਹੁਦਾ ਸੰਭਾਲਿਆ ਹੈ। ਉਹ ਜਲਦ ਇਸ ਮਾਮਲੇ ’ਚ ਕਾਰਵਾਈ ਕਰਨਗੇ।