ਨਗਰ ਕੌਂਸਲ ਨੇ 25 ਕਨਾਲ 19 ਮਰਲੇ ਥਾਂ ਤੋਂ ਛੁਡਵਾਇਆ ਕਬਜ਼ਾ
ਬੁਢਲਾਡਾ ’ਚ ਨਗਰ ਕੌਂਸਲ
Publish Date: Mon, 19 Jan 2026 07:21 PM (IST)
Updated Date: Tue, 20 Jan 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਨਗਰ ਕੌਂਸਲ ਨੇ ਪੁਰਾਣੀ ਜ਼ਮੀਨ ਨੂੰ ਪੁਲਿਸ ਬਲ ਦੀ ਸਹਾਇਆ ਨਾਲ ਅੱਜ ਛੁਡਵਾ ਲਿਆ ਹੈ। ਇਹ ਤਕਰੀਬਨ ਤਕਰੀਬਨ 6 ਦਹਾਕੇ ਪੁਰਾਣੀ ਜ਼ਮੀਨ ਛੁਡਵਾਈ ਹੈ। ਅੱਜ ਭਾਰੀ ਪੁਲਿਸ ਮੁਲਾਜ਼ਮਾਂ ਨਾਲ ਨਗਰ ਕੌਂਸਲ ਅਧਿਕਾਰੀ ਪਹੁੰਚੇ ਤੇ ਉਨ੍ਹਾਂ ਨੇ ਇਹ ਕਬਜ਼ਾ ਲਿਆ। ਦੂਸਰੇ ਪਾਸੇ ਕਿਸਾਨ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਦੱਸਿਆ ਹੈ। ਉਸ ਨੇ ਅਦਾਲਤ ਦਾ ਰੁਖ਼ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਰਕਾਰੀ ਜ਼ਮੀਨਾਂ ਤੋਂ ਲਗਾਤਾਰ ਕਬਜ਼ੇ ਹਟਾਏ ਜਾ ਰਹੇ ਹਨ। ਇਸ ਤਹਿਤ ਹੀ ਬੁਢਲਾਡਾ ਨਗਰ ਕੌਂਸਲ ਨੇ 25 ਕਨਾਲ 19 ਮਰਲੇ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਹੈ। ਨਗਰ ਕੌਂਸਲ ਅਧਿਕਾਰੀ ਸਿਕੰਦਰ ਸਿੰਘ ਦਾ ਆਖਣਾ ਹੈ ਕਿ ਸਬੰਧਤ ਕਿਸਾਨ ਨੂੰ ਪਹਿਲਾਂ ਵੀ ਨੋਟਿਸ ਭੇਜਿਆ ਜਾ ਚੁੱਕਿਆ ਹੈ ਤੇ ਹੁਣ ਤੀਸਰਾ ਨੋਟਿਸ ਭੇਜਿਆ ਗਿਆ। ਜ਼ਮੀਨ ਖਾਲੀ ਨਾ ਕੀਤੇ ਜਾਣ ਦੇ ਚੱਲਦਿਆਂ ਪੁਲਿਸ ਅਤੇ ਕੁਲੈਕਟਰ ਬੁਢਲਾਡਾ ਦੀ ਅਦਾਲਤ ਦੇ ਹੁਕਮਾਂ ’ਤੇ ਕਾਰਵਾਈ ਕੀਤੀ ਹੈ। ਦੂਜੇ ਪਾਸੇ ਪੀੜ੍ਹਤ ਕਿਸਾਨ ਦਾ ਆਖਣਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਜ਼ਮੀਨ ਦਾ ਮਾਲਕ ਹੈ। ਕਿਸਾਨ ਹਰਮਨਦੀਪ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਜੁਮਲਾ ਮਲਕੀਅਤ ਦੀ ਹੈ ਤੇ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਅਨੁਸਾਰ ਪਿੰਡ ਦੇ ਕਿਸਾਨ ਇਸ ਦਾ ਹੱਕਦਾਰ ਹੁੰਦੇ ਹਨ। ਕਿਸਾਨ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਨੇ ਇਹ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਉਸ ਅਨੁਸਾਰ ਉਹ ਪਹਿਲਾਂ ਮਿਲੇ ਨੋਟਿਸਾਂ ਦਾ ਜਵਾਬ ਅਦਾਲਤ ਰਾਹੀਂ ਦੇ ਚੁੱਕਿਆ ਹੈ। ਇਸ ਦੇ ਬਾਵਜੂਦ ਬਿਨਾ ਨਵੇਂ ਨੋਟਿਸ ਦੇ ਅੱਜ ਕਾਰਵਾਈ ਕੀਤੀ ਹੈ। ਕਿਸਾਨ ਨੇ ਕਿਹਾ ਕਿ ਉਹ ਹੁਣ ਦੁਆਰਾ ਅਦਾਲਤ ਦਾ ਦਰਵਾਜ਼ਾ ਖੜਕਾਏਗਾ।