ਖੁਦਕਸ਼ੀ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਪੀੜਤ ਪਰਿਵਾਰ ਪਰੇਸ਼ਾਨ
ਬੁਢਲਾਡਾ ’ਚ ਖੁਦਕੁਸ਼ੀ
Publish Date: Wed, 15 Apr 2026 05:49 PM (IST)
Updated Date: Thu, 16 Apr 2026 04:03 AM (IST)

-ਪੀੜਤ ਪਰਿਵਾਰ ਨੇ ਐੱਸਐੱਸਪੀ ਕੋਲ ਲਾਈ ਗੁਹਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਇੱਥੇ ਖੁਦਕੁਸ਼ੀ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜ੍ਹਤ ਪਰਿਵਾਰ ਪ੍ਰੇਸ਼ਾਨ ਹੈ। ਰਮਨਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਬੁਢਲਾਡਾ, ਹਾਲ ਆਬਾਦ ਬਠਿੰਡਾ ਨੇ ਥਾਣਾ ਸਿਟੀ ਬੁਢਲਾਡਾ ਪੁਲਿਸ ਤੇ ਢਿੱਲੀ ਕਾਰਗੁਜ਼ਾਰੀ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਹੈ। ਇਸ ਮਾਮਲੇ ’ਚ ਪੀੜ੍ਹਤ ਪਰਿਵਾਰ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੂੰ ਮਿਲਿਆ ਹੈ। ਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਪੁਲਿਸ ਉਸਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਸਬੰਧਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਉਸ ਦਾ ਪਿਤਾ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਸਮੇਤ ਚਾਰ ਭਰਾਵਾਂ ਦਾ ਇੱਕ ਸਾਂਝਾ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਉਸ ਦੇ ਤਾਇਆ ਬਲਵਿੰਦਰ ਸਿੰਘ ਦੇ ਨਾਮ ਸੀ। ਚਾਰੇ ਭਰਾਵਾਂ ਨੇ ਆਪਸੀ ਭਾਈ ਵੰਡ ਕਰਕੇ ਉਸਦੀ ਕੀਮਤ 16 ਲੱਖ ਰੁਪਏ ਨਿਰਧਾਰਤ ਕਰਕੇ ਤਾਇਆ ਬਲਵਿੰਦਰ ਸਿੰਘ ਅਤੇ ਉਸ ਦੇ ਚਾਚਾ ਅੰਗਰੇਜ਼ ਸਿੰਘ ਦੇ ਪਰਿਵਾਰ ਨੇ ਰੱਖ ਲਿਆ ਸੀ, ਜਿਨ੍ਹਾਂ ਨੇ ਉਸ ਦੇ ਪਿਤਾ ਅਤੇ ਉਸ ਦੇ ਤਾਇਆ ਸੁਰਿੰਦਰਪਾਲ ਸਿੰਘ ਨੂੰ 4 - 4 ਲੱਖ ਰੁਪਏ ਦੇਣੇ ਸਨ। ਜਿਸ ਵਿਚੋਂ ਉਸ ਦੇ ਪਿਤਾ ਨੂੰ ਉਸ ਦੇ ਤਾਇਆ ਬਲਵਿੰਦਰ ਸਿੰਘ ਨੇ ਬਣਦੀ 4 ਲੱਖ ਰੁਪਏ ਰਕਮ ਦੇ ਦਿੱਤੀ ਸੀ, ਜਦਕਿ ਉਸ ਦੇ ਚਾਚਾ ਅੰਗਰੇਜ਼ ਸਿੰਘ ਦੇ ਪਰਿਵਾਰ ਨੇ ਵੀ ਉਸ ਦੇ ਤਾਇਆ ਸੁਰਿੰਦਰਪਾਲ ਸਿੰਘ ਨੂੰ ਦੇਣੇ 4 ਲੱਖ ‘ਚੋਂ 2 ਲੱਖ ਪਹਿਲੀ ਕਿਸ਼ਤ ਦੇਣ ਬਾਅਦ ਦੂਸਰੀ ਕਿਸ਼ਤ ਦੇ ਡੇਢ ਲੱਖ ਰੁਪਏ ਉਸਦੇ ਪਿਤਾ ਹਰਵਿੰਦਰ ਸਿੰਘ ਰਾਹੀਂ ਨਕਦ ਦੇ ਦਿੱਤੇ ਸਨ। ਉਸ ਰਕਮ ‘ਚੋਂ ਸਿਰਫ਼ 50 ਹਜ਼ਾਰ ਰੁਪਏ ਦੇਣੇ ਬਾਕੀ ਹਨ, ਜੋ ਕਿ ਉਕਤ ਮੋਟਰ ਕੁਨੈਕਸ਼ਨ ਦੀ ਕਾਨੂੰਨੀ ਤੌਰ ‘ਤੇ ਲਿਖਤ ਹੋਣ ਬਾਅਦ ਦੇਣੇ ਸਨ। ਰਮਨਪ੍ਰੀਤ ਕੌਰ ਨੇ ਦੱਸਿਆ ਕਿ ਜੋ ਡੇਢ ਲੱਖ ਰੁਪਇਆ ਉਸ ਦੇ ਪਿਤਾ ਹਰਵਿੰਦਰ ਸਿੰਘ ਰਾਹੀਂ ਸੁਰਿੰਦਰਪਾਲ ਨੂੰ ਉਨ੍ਹਾਂ ਦੀ ਸਭ ਤੋਂ ਛੋਟੀ ਲੜਕੀ ਹਰਮਨਪ੍ਰੀਤ ਕੌਰ ਅਤੇ ਲੜਕੇ ਬਲਕਰਨ ਸਿੰਘ ਦੇ ਸਾਹਮਣੇ ਦਿੱਤੇ ਸਨ, ਉਸ ਲਏ ਗਏ ਡੇਢ ਲੱਖ ਰੁਪਏ ਤੋਂ ਸੁਰਿੰਦਰਪਾਲ ਸਿੰਘ ਦਾ ਪਰਿਵਾਰ ਮੁੱਕਰ ਗਿਆ। ਇਹ ਰਚੀ ਰਚਾਈ ਸ਼ਾਜਿਸ਼ ਤਹਿਤ ਮੋਟਰ ਵਿੱਚ ਦੁਆਰਾ ਤੋਂ ਹਿੱਸਾ ਪਾਉਣ ਲਈ ਉਸ ਦੇ ਪਿਤਾ ਹਰਵਿੰਦਰ ਸਿੰਘ ਅਤੇ ਉਸ ਦੇ ਤਾਇਆ ਬਲਵਿੰਦਰ ਸਿੰਘ ਅਤੇ ਉਸ ਦੇ ਚਾਚਾ ਸਵਰਗਵਾਸੀ ਅੰਗਰੇਜ਼ ਸਿੰਘ ਦੇ ਪੁੱਤਰ ਅਵਤਾਰ ਸਿੰਘ ਉਰਫ਼ ਤਾਰੀ ਅਤੇ ਜਗਤਾਰ ਸਿੰਘ ਉਰਫ਼ ਗੱਗੀ ਖਿਲਾਫ਼ ਅਦਾਲਤ ਬੁਢਲਾਡਾ ਵਿਖੇ ਕੇਸ ਕਰ ਦਿੱਤਾ। ਜਿਸਦੇ ਚੱਲਦਿਆਂ ਉਸ ਦੇ ਪਿਤਾ ਮਾਨਸਿਕ ਤੌਰ ਤੇ ਬਹੁਤ ਤੰਗ ਪ੍ਰੇਸ਼ਾਨ ਰਹਿਣ ਲੱਗ ਪਏ। ਰਮਨਪ੍ਰੀਤ ਕੌਰ ਨੇ ਦੱਸਿਆ ਕਿ ਇਸੇ ਦੌਰਾਨ ਉਸ ਦੇ ਪਿਤਾ ਨੂੰ ੳਸ ਦੇ ਤਾਇਆ ਸੁਰਿੰਦਰਪਾਲ ਸਿੰਘ ਨੇ ਆਪਣੇ ਲੜਕੇ ਅੰਮ੍ਰਿਤਪਾਲ ਸਿੰਘ , ਚਰਨਪ੍ਰੀਤ ਸਿੰਘ ਬੁਢਲਾਡਾ ਅਤੇ ਪੂਰਨ ਸਿੰਘ ਉਰਫ਼ ਤਾਰੀ ਵਾਸੀ ਰੱਲੀ ਨਾਲ ਰਲ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦਿਆਂ 28 ਮਾਰਚ ਨੂੰ ਉਸ ਨੇ ਛੱਤ ਵਾਲੇ ਪੱਖਾ ਨਾਲ ਫ਼ਾਹਾ ਲਗਾ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੌਤ ਸਮੇਂ ਉਸ ਦੇ ਪਿਤਾ ਦੀ ਜੇਬ ’ਚੋਂ ਨਿਕਲੇ ਕਾਗਜ਼ ਤੇ ਲਿਖੇ ਸੁਸਾਇਡ ਨੋਟ ਦੇ ਅਧਾਰ ‘ਤੇ ਪੁਲਿਸ ਨੇ ਉਕਤ ਚਾਰੋਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਪਰ ਇੰਨ੍ਹਾਂ ਵਿੱਚੋਂ ਅਜੇ 18 ਦਿਨ ਬੀਤਣ ਬਾਅਦ ਵੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਰਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਅੱਜ ਉਹ ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੂੰ ਮਿਲੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।