- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁਢਲਾਡਾ ਸ਼ਹਿਰ ’ਚ ਲੱਗੇ ਗੰਦਗੀ ਦੇ

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ
ਬੁਢਲਾਡਾ ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰਾਂ ਦਾ ਮਾਮਲਾ ਭਖਣ ਲੱਗਿਆ ਹੈ। ਨਗਰ ਸੁਧਾਰ ਸਭਾ ਨੇ ਸ਼ਹਿਰ ਵਿੱਚ ਕੂੜੇ ਦੇ ਢੇਰਾਂ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਤੇ ਪ੍ਰਸ਼ਾਸਨ ਨੇ ਛੇਤੀ ਮਸਲਾ ਹੱਲ ਨਾ ਕੀਤਾ ਤਾਂ ਸ਼ਹਿਰ ਦੇ ਲੋਕਾਂ ਅਤੇ ਵੱਖ ਵੱਖ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢੇਗੀ। ਸੰਸਥਾ ਨੇ ਸੀਨੀਅਰ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਤੇ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਸ਼ਹਿਰ ਦੇ ਲੋਕ ਤਕਰੀਬਨ ਇੱਕ ਮਹੀਨੇ ਤੋਂ ਨਰਕ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ। ਨਗਰ ਕੌਂਸਲ ਤੇ ਪ੍ਰਸ਼ਾਸਨ ਤਮਾਸ਼ਬੀਨ ਬਣਿਆ ਬੈਠਾ ਹੈ। ਸੱਤਾਧਾਰੀ ਧਿਰ ਵੀ ਗੱਲਾਂ-ਬਾਤਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਹੀ। ਦੂਜੇ ਪਾਸੇ ਕੂੜੇ-ਕਚਰੇ ਦੇ ਆਰਜ਼ੀ ਡੰਪ ਵਾਲੀ ਥਾਂ ‘ਤੇ ਦੋ, ਤਿੰਨ ਵਾਰਡਾਂ ਦੇ ਵਾਸੀਆਂ ਨੇ ਲਗਾਤਾਰ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕੋਲ ਆਪਣੀ ਮਾਲਕੀ ਵਾਲੀਆਂ ਜ਼ਮੀਨਾਂ ਹਨ ਪਰ ਇਨ੍ਹਾਂ ਜ਼ਮੀਨਾਂ ‘ਤੇ ਅਸਰ ਰਸੂਖ ਵਾਲੇ ਸਖਸ਼ਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਜਾਇਦਾਦਾਂ ’ਤੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਤੋਂ ਨਾਜਾਇਜ਼ ਕਬਜ਼ਾ ਚੱਲਿਆ ਆ ਰਿਹਾ ਹੈ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਰਾਜ ਭਾਗ ’ਚ ਨਾਜਾਇਜ਼ ਕਬਜ਼ਾ ਪਹਿਲਾਂ ਵਾਂਗ ਕਾਇਮ ਹੈ।
ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਨਗਰ ਕੌਂਸਲ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਬਜਾਏ ਧਰਨੇ 'ਤੇ ਬੈਠੇ ਲੋਕਾਂ ਨੂੰ ਧਮਕਾ ਰਹੇ ਹਨ, ਜੋ ਕਿ ਸਰਾਸਰ ਗਲਤ ਤੇ ਨਿੰਦਣਯੋਗ ਹੈ। ਜੇਕਰ ਪ੍ਰਸ਼ਾਸਨ ਅਜਿਹਾ ਰਵੱਈਆ ਅਪਣਾਉਂਦਾ ਹੈ, ਤਾਂ ਸ਼ਹਿਰ ਦਾ ਮਾਹੌਲ ਖ਼ਰਾਬ ਹੋ ਜਾਵੇਗਾ, ਇਸ ਲਈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਆਗੂਆਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਸਬੰਧੀ ਕੇਂਦਰ ਸਰਕਾਰ ਵੱਲੋਂ 7 ਕਰੋੜ ਤੋਂ ਵੱਧ ਰਾਸ਼ੀ ਨਗਰ ਕੌਂਸਲ ਬੁਢਲਾਡਾ ’ਚ ਆਈ ਹੋਈ ਹੈ। ਪਤਾ ਲੱਗਿਆ ਹੈ ਕਿ ਨਗਰ ਕੌਂਸਲ ਨੇ ਇਸ ਸਬੰਧੀ ਇੱਕੋ ਹੀ ਟੈਂਡਰ ਲਾ ਦਿੱਤਾ ਹੈ ਜੋ ਕਿ ਵੱਡੀ ਰਕਮ ਦਾ ਹੋਣ ਕਰਕੇ ਕਿਸੇ ਠੇਕੇਦਾਰ ਜਾਂ ਏਜੰਸੀ ਨੇ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਵੇਰਵਾ ਪਾ ਕੇ ਕਈ ਟੈਂਡਰ ਪਾਏ ਜਾਣ, ਜੋ ਕਿ ਸੁਭਾਵਿਕ ਹੈ ਘੱਟ ਰਾਸ਼ੀ ਦੇ ਪੈਣਗੇ ਤੇ ਹਰ ਇਕ ਠੇਕੇਦਾਰ ਦੀ ਪਹੁੰਚ ’ਚ ਹੋਣਗੇ। ਆਗੂਆਂ ਨੇ ਕਿਹਾ ਕਿ ਨਗਰ ਸੁਧਾਰ ਸਭਾ ਆਗਾਮੀ ਨਗਰ ਕੌਂਸਲ ਚੋਣਾਂ ’ਚ ਸੱਚੇ-ਸੁੱਚੇ ਇਮਾਨਦਾਰ ਤੇ ਸਰਬ ਸਾਂਝੇ ਵਿਅਕਤੀਆਂ ਨੂੰ ਸਰਬ-ਸੰਮਤੀ ਨਾਲ ਮਿਉਂਸਪਲ ਕਮਿਸ਼ਨਰ (ਐਮਸੀ) ਚੁਣਨ ਸਬੰਧੀ ਸਾਰੇ ਵਾਰਡਾਂ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ’ਚ ਸੰਸਥਾ ਦਾ ਸ਼ਹਿਰਵਾਸੀਆਂ ਨੂੰ ਇਹੋ ਸੁਨੇਹਾ ਹੋਵੇਗਾ ਕਿ ਬਿਨਾਂ ਕਿਸੇ ਖਰਚੇ ਤੇ ਧੜੇਬੰਦੀ ਤੋਂ ਸਰਬ ਸਾਂਝੇ ਐਮਸੀ ਚੁਣੇ ਜਾਣ ਤੇ ਅਜਿਹੇ ਐੱਮਸੀ ਸ਼ਹਿਰ ਨੂੰ ਤਰੱਕੀ ਤੇ ਵਿਕਾਸ ਦੇ ਰਾਹ ’ਤੇ ਲੈ ਕੇ ਜਾਣ। ਇਸ ਮੌਕੇ ਤੇ ਨਗਰ ਸੁਧਾਰ ਸਭਾ ਦੇ ਆਗੂਆਂ ਅਵਤਾਰ ਸਿੰਘ ਔਲਖ, ਮਾ. ਰਘੁਨਾਥ ਸਿੰਗਲਾ ਤੇ ਹਰਦਿਆਲ ਸਿੰਘ ਦਾਤੇਵਾਸ ਨੇ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਦਾ ਢੁੱਕਵਾਂ ਹੱਲ ਕੀਤਾ ਜਾਵੇ, ਨਸ਼ਿਆਂ ਸਮੇਤ ਮੈਡੀਕਲ ਨਸ਼ੇ ਨੂੰ ਠੱਲ੍ਹ ਪਾਈ ਜਾਵੇ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਗਰ ਕੌਂਸਲ ਸਮੇਤ ਵੱਖ-ਵੱਖ ਦਫ਼ਤਰਾਂ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ, ਆਵਾਰਾਗਰਦੀ- ਗੁੰਡਾਗਰਦੀ ਤੇ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ।