ਪੰਜਾਬ ਦੀ ਬਦਹਾਲੀ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ : ਡਾ. ਕਰੀਮਪੁਰੀ
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ਗਈ
Publish Date: Thu, 09 Apr 2026 07:16 PM (IST)
Updated Date: Fri, 10 Apr 2026 04:15 AM (IST)

ਬਸਪਾ ਦਾ ‘ਮਿਸ਼ਨ ਮਾਲਵਾ’ ਰੈਲੀ ਰਾਹੀਂ ਸੱਤਾ ਪ੍ਰਾਪਤੀ ਦਾ ਹੋਕਾ : ਰਣਧੀਰ ਬੈਨੀਵਾਲ ਫ਼ੋਟੋ : 12 ਐਮਏਐਨ ਕੈਪਸ਼ਨ : ਬੁਢਲਾਡਾ-ਮਿਸ਼ਨ ਮਾਲਵਾ ਰੈਲੀ ਦੌਰਾਨ ਬਸਪਾ ਦੀ ਲੀਡਰਸ਼ਿਪ ਅਤੇ ਭਾਰੀ ਇਕੱਠ। ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ਗਈ ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਅੱਜ ਮਾਲਵਾ ਖੇਤਰ ਦੇ ਬੁਢਲਾਡਾ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ਦੌਰਾਨ ਪਾਰਟੀ ਲੀਡਰਸ਼ਿਪ ਨੇ ਸਾਲ 2027 ਵਿੱਚ ਪੰਜਾਬ ਅੰਦਰ ਬਸਪਾ ਦੀ ਸਰਕਾਰ ਬਣਾਉਣ ਅਤੇ ਸੂਬੇ ਨੂੰ ਖੁਸ਼ਹਾਲੀ ਤੇ ਤਰੱਕੀ ਦੀ ਲੀਹ ਤੇ ਤੋਰਨ ਦਾ ਪੱਕਾ ਸੰਕਲਪ ਲਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਈ ਇਸ ਰੈਲੀ ਵਿੱਚ ਪਾਰਟੀ ਦੇ ਸੈਂਟਰਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪਿਛਲੇ 78 ਸਾਲਾਂ ਤੋਂ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਪਾਰਟੀਆਂ ਨੇ ਸੂਬੇ ਨੂੰ ਸਿਰਫ਼ ਕਰਜ਼ੇ, ਨਸ਼ੇ ਅਤੇ ਬੇਰੁਜ਼ਗਾਰੀ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਗੰਭੀਰ ਆਰਥਿਕ ਸੰਕਟ ਵਿੱਚ ਹੈ, ਜਿਸ ਕਾਰਨ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ। ਰੁਜ਼ਗਾਰ ਦੀ ਘਾਟ ਕਾਰਨ ਨੌਜਵਾਨ ਮਜ਼ਬੂਰੀਵੱਸ ਵਿਦੇਸ਼ਾਂ ਵੱਲ ਹਿਜਰਤ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ‘ਆਪ’ ਸਰਕਾਰ ਦੀਆਂ ਨੀਤੀਆਂ ਵੀ ਪੁਰਾਣੀਆਂ ਸਰਕਾਰਾਂ ਵਾਂਗ ਹੀ ਲੋਕ-ਵਿਰੋਧੀ ਸਾਬਤ ਹੋ ਰਹੀਆਂ ਹਨ। ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੇ ਭਖਦੇ ਮੁੱਦਿਆਂ ਤੇ ਚਰਚਾ ਕਰਦਿਆਂ ਕਿਹਾ ਕਿ ਬਸਪਾ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮਹਿਮ ਪੰਜਾਬ ਵਿੱਚ ਪੰਜਾਬ ਦੀਆਂ ਮਾਵਾਂ ਪੁੱਤ ਬਚਾਉਣ ਲਈ ਪੰਜਾਬੀਆਂ ਦਾ ਆਸ਼ੀਰਵਾਦ ਮੰਗਦੀ ਹੈ ਬਸਪਾ ਪੰਜਾਬ ਵਿੱਚੋਂ ਡਰੱਗ ਮਾਫ਼ੀਆ ਦੀਆਂ ਪੰਜਾਬ ਦੀ ਰਾਜਨੀਤੀ ਤੋਂ ਜੜ੍ਹਾਂ ਪੁੱਟਣ ਦਾ ਕੰਮ ਕਰੇਗੀ ਤੇ ਨਸ਼ਾ ਮੁਕਤ ਸੂਬਾ ਬਣਾਏਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਫ਼ਸਲਾਂ ਦੀ ਬਾਰਿਸ਼ ਕਾਰਨ ਹੋਈ ਬਰਬਾਦੀ ਲਈ ਸਰਕਾਰ ਕਿਸਾਨਾਂ ਅਤੇ ਖੇਤੀ ਦੇ ਨਿਰਭਰ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਵੇ। ਉਨ੍ਹਾਂ ਸਿਹਤ ਅਤੇ ਸਿੱਖਿਆ ਸੰਬੰਧੀ ਬੋਲਦਿਆਂ ਕਿਹਾ ਕਿ ਸੂਬੇ ਦੇ 100 ਫ਼ੀਸਦੀ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਯਕੀਨੀ ਬਣਾਈ ਜਾਵੇਗੀ ਅਤੇ ਸਿੱਖਿਆ ਦਾ ਅਧਿਕਾਰ (ਆਰਟੀਈ) ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਸਰਕਾਰੀ ਹਸਪਤਾਲਾਂ ਦੇ ਮਿਆਰ ਨੂੰ ਉੱਚਾ ਚੁੱਕ ਕੇ ਹਰ ਨਾਗਰਿਕ ਲਈ ਮੁਫ਼ਤ ਤੇ ਬਿਹਤਰ ਇਲਾਜ ਦਾ ਪ੍ਰਬੰਧ ਹੋਵੇਗਾ। ਬੁਲਾਰਿਆਂ ਨੇ ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਗੈਂਗਸਟਰਵਾਦ ਨੇ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਬਸਪਾ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਅਪਰਾਧਿਕ ਅਨਸਰਾਂ ਨੂੰ ਨੱਥ ਪਾ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇਗੀ। ਬੁਢਲਾਡਾ ਦੇ ਪਛੜੇਪਨ ਨੂੰ ਦੂਰ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਰੈਲੀ ਦੌਰਾਨ ਵਿਸ਼ੇਸ਼ ਤੌਰ ਤੇ ਬੁਢਲਾਡਾ ਹਲਕੇ ਦੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਤੱਕ ਦੇ ਹੁਕਮਰਾਨਾਂ ਨੇ ਇਸ ਇਲਾਕੇ ਨੂੰ ਵਿਕਾਸ ਪੱਖੋਂ ਅਣਗੌਲਿਆ ਰੱਖਿਆ ਹੈ। ਬਸਪਾ ਇਸ ਪਛੜੇਪਨ ਨੂੰ ਦੂਰ ਕਰਕੇ ਬੁਢਲਾਡਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਏਗੀ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਚ ਜੇਕਰ ਹਲਕੇ ਦੇ ਲੋਕ ਕੁਲਦੀਪ ਸਿੰਘ ਸਰਦੂਲਗੜ੍ਹ ਦਾ ਸਾਥ ਦੇਣਗੇ ਤਾਂ ਉਹ ਉਨਾਂ ਦੀ ਆਵਾਜ ਬਣ ਕੇ ਵਿਧਾਨ ਸਭਾ ਚ ਗੁੰਜੇਗਾ। ਵਿਧਾਇਕ ਡਾ. ਨਛੱਤਰ ਪਾਲ ਨੇ ਵਰਕਰਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਬਸਪਾ ਹੁਣ ਸਿਰਫ਼ ਸਹਿਯੋਗੀ ਨਹੀਂ ਬਲਕਿ ਇੱਕ ਮੁੱਖ ਤਾਕਤ ਵਜੋਂ ਉੱਭਰ ਰਹੀ ਹੈ ਅਤੇ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਦੀ ਅਸਲ ਆਵਾਜ਼ ਬਣ ਚੁੱਕੀ ਹੈ। ਜ਼ੋਨ ਕੋਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਮਾਲਵਾ ਦੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਉਹ ਹੁਣ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਬਦਲਾਅ ਲਈ ਤਿਆਰ ਹਨ। ਇਸ ਮੌਕੇ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਡਾ. ਕਰੀਮਪੁਰੀ ਨੇ ਐਲਾਨ ਕੀਤਾ ਕਿ ਅਗਲੀਆਂ ਰੈਲੀਆਂ 10 ਅਪ੍ਰੈਲ ਨੂੰ ਨਿਹਾਲ ਸਿੰਘ ਵਾਲਾ, 11 ਨੂੰ ਫਿਰੋਜ਼ਪੁਰ ਅਤੇ 14 ਅਪ੍ਰੈਲ ਨੂੰ ਧੂਰੀ ਤੇ ਤਲਵੰਡੀ ਸਾਬੋ ਵਿਖੇ ਹੋਣਗੀਆਂ। ਜ਼ਿਲ੍ਹਾ ਪ੍ਰਧਾਨ ਬਾਬੂ ਸਿੰਘ ਫਤਿਹਪੁਰ, ਜ਼ਿਲ੍ਹਾ ਜਨਰਲ ਸੈਕਟਰੀ ਰਾਮਫਲ ਸਿੰਘ, ਹਲਕਾ ਪ੍ਰਧਾਨ ਅਵਤਾਰ ਸਿੰਘ ਕਟਾਰੀਆ, ਬੇਅੰਤ ਸਿੰਘ ਹਲਕਾ ਖਜਾਨਚੀ, ਸੁਰਜੀਤ ਸਿੰਘ ਬਸਪਾ ਆਗੂ, ਪਾਲੀ ਸਿੰਘ ਰੱਲੀ ਬਸਪਾ ਆਗੂ ਮੌਜੂਦ ਸਨ।