ਅਧਿਆਪਕਾਂ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ
ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ
Publish Date: Thu, 05 Feb 2026 08:07 PM (IST)
Updated Date: Thu, 05 Feb 2026 08:38 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਵੱਲੋਂ ਡੀਸੀ ਦਫ਼ਤਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੈਲਥ ਕਾਰਡ ਬਣਾਉਣ ਲਈ ਲਗਾਈਆਂ ਗਈਆਂ ਡਾਟਾ ਐਂਟਰੀ ਦੀਆਂ ਡਿਊਟੀਆਂ ਦਾ ਵਿਰੋਧ ਕਰਦੇ ਹੋਏ ਡੀਸੀ ਦਫਤਰ ਮਾਨਸਾ ਦਾ ਘਿਰਾਓ ਕੀਤਾ ਗਿਆ ਹੈ। ਡੀਸੀ ਦਫ਼ਤਰ ਅੱਗੇ ਪੱਕਾ ਧਰਨਾ ਲਾਇਆ ਗਿਆ ਹੈ। ਇਹ ਧਰਨਾ ਉਦੋਂ ਤਕ ਚਲਦਾ ਰਹੇਗਾ, ਜਦੋਂ ਤਕ ਡਿਊਟੀਆਂ ਕੱਟੀਆਂ ਨਹੀਂ ਜਾਂਦੀਆਂ। ਪੰਜਾਬ ਸਰਕਾਰ ਨੇ ਇੱਕ ਹੋਰ ਅਜੀਬ ਫ਼ਰਮਾਨ ਜਾਰੀ ਕਰ ਕੇ ਸਕੂਲੀ ਸਿੱਖਿਆ ਨੂੰ ਦਾਅ ’ਤੇ ਲਗਾ ਦਿੱਤਾ ਹੈ। 8ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਪਰ ਵਿਦਿਆਰਥੀਆਂ ਦੀ ਪੜ੍ਹਾਈ ਦੀ ਚਿੰਤਾ ਕਰਨ ਦੀ ਬਜਾਏ, ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਲਈ ਕਾਰਡ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਕੰਪਿਊਟਰ ਅਧਿਆਪਕਾਂ ਨੇ ਇਸ ਸਰਕਾਰੀ ਕਦਮ ਦਾ ਸਖ਼ਤ ਵਿਰੋਧ ਕੀਤਾ ਹੈ। ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਨੇ ਕਿਹਾ ਕਿ ਜਦੋਂ ਵੀ ਕੋਈ ਡਾਟਾ ਐਂਟਰੀ ਦਾ ਕੰਮ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕੰਪਿਊਟਰ ਅਧਿਆਪਕਾਂ ਦੀ ਯਾਦ ਆਉਂਦੀ ਹੈ, ਪਰ ਜਦੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਗੱਲ ਆਉਂਦੀ ਹੈ, ਜਿਨ੍ਹਾਂ ਲਈ ਉਹ ਪਿਛਲੇ ਦੋ ਦਹਾਕਿਆਂ ਤੋਂ ਲੜ ਰਹੇ ਹਨ ਤਾਂ ਮੰਤਰੀ ਅਤੇ ਮੁੱਖ ਮੰਤਰੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਯੂਨੀਅਨ ਵੱਲੋਂ ਸਰਕਾਰ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਕੱਲ੍ਹ ਦਿਨ ਸ਼ੁੱਕਰਵਾਰ ਤੱਕ ਅਧਿਆਪਕਾਂ ਦੀਆਂ ਉਕਤ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਸ਼ਨਿਚਰਵਾਰ ਨੂੰ ਐੱਮਐੱਲਏ ਮਾਨਸਾ ਦਾ ਘਿਰਾਓ ਕੀਤਾ ਜਾਵੇਗਾ। ਅੱਜ ਦੇ ਇਸ ਧਰਨੇ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਸਟੇਟ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਜਗਰਾਜ ਸਿੰਘ, ਲਖਵੀਰ ਸਿੰਘ, ਨਿਤੇਸ਼ ਕੁਮਾਰ, ਰਣਜੀਤ ਸਿੰਘ, ਕਰਮਜੀਤ ਸਿੰਘ, ਰਾਜਦੀਪ ਸਿੰਘ, ਸਸ਼ੀ ਕਾਠ, ਜਸਪ੍ਰੀਤ ਸਿੰਘ, ਗੁਰਸ਼ਰਨ ਕੌਰ, ਨੀਤੂ ਸ਼ਰਮਾ, ਅਰੁਣਾ ਜੈਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸਾਥੀ, ਅਤੇ ਭਰਾਤਰੀ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਤੋਂ ਅਮੋਲਕ ਡੇਲੂਆਣਾ, ਹੰਸਾ ਸਿੰਘ, ਕਰਮਜੀਤ ਤਾਮਕੋਟ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।