ਭਾਕਿਯੂ ਏਕਤਾ ਡਕੌਂਦਾ ਦੀ ਹੋਈ ਇਕੱਤਰਤਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Thu, 05 Feb 2026 06:57 PM (IST)
Updated Date: Thu, 05 Feb 2026 06:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਮਾਨਸਾ ਦੀ ਮੀਟਿੰਗ ਡੇਰਾ ਬਾਬਾ ਰਤਨ ਦਾਸ ਨੇੜੇ ਕੈਂਚੀਆਂ ਵਿਖੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਾਰੀਆਂ ਪਿੰਡ ਕਮੇਟੀਆਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ 12 ਫ਼ਰਵਰੀ ਨੂੰ ਟਰੇਡ ਯੂਨੀਅਨ ਵੱਲੋਂ ਕੀਤੀ ਜਾ ਰਹੀ ਦੇਸ਼ ਪੱਧਰੀ ਹੜਤਾਲ ਵਿੱਚ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੱਤਾ ਦੇ ਨਸ਼ੇ ਵਿੱਚ ਹਰ ਇੱਕ ਵਰਗ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਲੋਕ ਵਿਰੋਧੀ ਫ਼ੈਸਲੇ ਕਰਕੇ ਦੇਸ਼ ਨੂੰ ਅੱਗ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹੜਤਾਲ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਮੁਲਾਜ਼ਮਾਂ ਦੇ ਏਕੇ ਦਾ ਸਬੂਤ ਦੇਵੇਗੀ, ਉੱਥੇ ਹੀ ਸੱਤਾਧਾਰੀ ਧਿਰ ਦੇ ਸੱਤਾ ਦੇ ਹੰਕਾਰ ਨੂੰ ਤਾਰ-ਤਾਰ ਕਰ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਵੀ ਕਾਰਗਰ ਸਿੱਧ ਹੋਵੇਗੀ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਮਰੀਕਾ, ਭਾਰਤ ਦੇ ਫ਼ਰੀ ਟਰੇਡ ਸਮਝੌਤੇ ਦੇ ਵਿਰੋਧ ਵਜੋਂ 11 ਫ਼ਰਵਰੀ ਤਕ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ, ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਨੂੰ ਭਾਰਤ ਵਿੱਚ ਲਾਗੂ ਕਰਨ ’ਤੇ ਉਤਾਰੂ ਹੈ, ਜਿਸ ਦਾ ਸਬੂਤ ਅਮਰੀਕੀ ਟੈਰਿਫ਼ ਨੂੰ ਖ਼ਤਮ ਕਰਨ ਤੋਂ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਟੈਕਸ ਮੁਕਤ ਵਪਾਰ ਸਮਝੌਤੇ ਨਾਲ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਵੱਡੀ ਪੱਧਰ ’ਤੇ ਆਰਥਿਕ ਨੁਕਸਾਨ ਹੋਵੇਗਾ। ਉੱਥੇ ਹੀ ਬਾਜ਼ਾਰਾਂ ਦੀ ਚਾਲ ਮੱਠੀ ਹੋਣ ਨਾਲ ਦੇਸ਼ ਦੀ ਆਰਥਿਕਤਾ ਵੀ ਪ੍ਰਭਾਵਿਤ ਹੋਵੇਗੀ। ਹਰ ਇੱਕ ਵਰਗ ਨੂੰ ਇਸ ਟਰੇਡ ਸਮਝੌਤੇ ਦੇ ਵਿਰੋਧ ਵਿੱਚ ਆਉਣਾ ਇਖਲਾਕੀ ਫਰਜ਼ ਬਣਦਾ ਹੈ। ਅੱਜ ਦੀ ਮੀਟਿੰਗ ਵਿੱਚ ਜਸਪਾਲ ਸਿੰਘ ਉੱਭਾ ਨੂੰ ਪਿੰਡਾਂ ਦੀ ਸਹਿਮਤੀ ਨਾਲ ਸਹਾਇਕ ਸਕੱਤਰ ਅਤੇ ਬਲਵਿੰਦਰ ਸਿੰਘ ਬੁਰਜ ਰਾਠੀ ਨੂੰ ਬਲਾਕ ਮਾਨਸਾ ਦੇ ਮੀਤ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਕੋਟਲੀ ਸਮੇਤ ਮਹਿੰਦਰ ਸਿੰਘ ਬੁਰਜ ਰਾਠੀ, ਚੇਤ ਸਿੰਘ ਚਕੇਰੀਆਂ, ਸਿੰਦਰ ਸਿੰਘ ਖੜਕ ਸਿੰਘ ਵਾਲਾ, ਸਿਕੰਦਰ ਸਿੰਘ, ਗੁਰਸੇਵਕ ਸਿੰਘ ਖਿਆਲਾ ਕਲਾਂ, ਸੁਖਦੇਵ ਸਿੰਘ ਮੂਸਾ, ਜੀਤ ਸਿੰਘ ਖਿਆਲਾ ਖੁਰਦ, ਤੇਜਾ ਸਿੰਘ ਨੰਗਲ, ਲਾਭ ਸਿੰਘ ਬੁਰਜ ਹਰੀਕੇ, ਜਰਨੈਲ ਸਿੰਘ, ਭਜਨ ਸਿੰਘ ਬੁਰਜ ਢਿੱਲਵਾਂ ਆਦਿ ਮੌਜੂਦ ਸਨ।