ਵਪਾਰਕ ਸਮਝੌਤਿਆਂ ਖ਼ਿਲਾਫ਼ ਟਰੰਪ ਤੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Wed, 11 Feb 2026 06:09 PM (IST)
Updated Date: Thu, 12 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਬੁਢਲਾਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭਾਰਤ ਅਮਰੀਕਾ ਵਿਚਕਾਰ ਹੋਏ ਵਪਾਰਕ ਸਮਝੌਤਿਆਂ ਖ਼ਿਲਾਫ਼ ਅੱਜ ਲਗਾਤਾਰ ਚੌਥੇ ਦਿਨ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਗਏ। ਇਸੇ ਦੌਰਾਨ ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਕਿਸਾਨਾਂ ਦੇ ਕੀਤੇ ਜਬਰ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਵੀ ਫੂਕੇ ਗਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਬਲਾਕ ਦੇ ਪਿੰਡ ਬਰ੍ਹੇ ਅਤੇ ਪਿਪਲੀਆਂ ਵਿੱਚ ਟਰੰਪ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੱਤਪਾਲ ਸਿੰਘ ਬਰ੍ਹੇ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਪਿਪਲੀਆ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਮਰੀਕਾ ਅੱਗੇ ਝੁਕਦਿਆਂ ਹੋਇਆਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ, ਮਜ਼ਦੂਰਾਂ ਨੂੰ ਤਬਾਹ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਆਗੂਆਂ ਨੇ ਮੰਗ ਕੀਤੀ ਕਿ ਭਾਰਤ ਅਮਰੀਕਾ ਵਪਾਰ ਸਮਝੌਤਿਆਂ ਵਿੱਚੋਂ ਖੇਤੀ ਡੇਅਰੀ ਅਤੇ ਪੋਲਟਰੀ ਨੂੰ ਬਾਹਰ ਰੱਖਿਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨ੍ਹੀਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਕਾਰਕੁੰਨਾਂ ਤੇ ਲਾਠੀਚਾਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਸੀ। ਕਿਸਾਨ ਜਥੇਬੰਦੀ ਏਕਤਾ ਡਕੌਂਦਾ ਨੇ ਮੰਗ ਕੀਤੀ ਹੈ ਕਿ ਉਗਰਾਹਾਂ ਜਥੇਬੰਦੀ ਦੇ ਗ੍ਰਿਫ਼ਤਾਰ ਕੀਤੇ ਆਗੂ ਵਰਕਰਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ 11 ਫ਼ਰਵਰੀ ਤੱਕ ਸੂਬੇ ਦੇ ਸਾਰੇ ਪਿੰਡਾਂ ਵਿੱਚ ਪੁਤਲੇ ਫੂਕੇ ਜਾਣਗੇ ਤੇ 12 ਫ਼ਰਵਰੀ ਨੂੰ ਭਾਰਤ ਪੱਧਰੀ ਹੜਤਾਲ ’ਚ ਵਧ ਚੜ੍ਹ ਕੇ ਸਮੂਲੀਅਤ ਕੀਤੀ ਜਾਵੇਗੀ। ਇੰਨ੍ਹਾਂ ਤੋਂ ਇਲਾਵਾ ਮਾਈ ਦੇਸਾਂ ਸਿੰਘ,ਬਿੰਦਰ ਸਿੰਘ ਬਰੇ, ਭੋਲਾ ਸਿੰਘ ਬਰੇ, ਸ਼ਿੰਗਾਰਾ ਸਿੰਘ ਬਰ੍ਹੇ, ਮਿੱਠੂ ਸਿੰਘ ਬਰ੍ਹੇ, ਸੁਰਜੀਤ ਸਿੰਘ ਬਰ੍ਹੇ, ਨਿੱਕਾ ਸਿੰਘ ਬਰ੍ਹੇ, ਜਗਤਾਰ ਸਿੰਘ ਪਿਪਲੀਆ, ਭੂਰਾ ਸਿੰਘ ਪਿਪਲੀਆ, ਸੁਖਵਿੰਦਰ ਸਿੰਘ ਪਿਪਲੀਆ, ਜਗਜੀਤ ਸਿੰਘ ਪਿਪਲੀਆ ਆਦਿ ਕਿਸਾਨ ਆਗੂ ਮੌਜੂਦ ਸਨ।